
ਫ਼ਿਰੋਜ਼ਪੁਰ, 17 ਜਨਵਰੀ (ਬਾਲ ਕਿਸ਼ਨ)– ਫਿਰੋਜ਼ਪੁਰ ਦੇ ਪਿੰਡ ਬੱਗੇ ਵਾਲਾ ਵਿਖੇ ਕਾਰ ਅਤੇ ਸਾਈਕਲ ਦੀ ਟੱਕਰ ਵਿਚ ਇਕ ਜ਼ਖਮੀਂ ਹੋਏ ਲੜਕੇ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ 106, 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੱਗੇ ਵਾਲਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਜੈ ਦੀਪ ਸਿੰਘ ਉਮਰ ਕਰੀਬ 11 ਸਾਲ ਨਾਲ ਖੇਤਾਂ ਵਿਚੋਂ ਪੱਠੇ ਵੱਢ ਕੇ ਵਾਪਸ ਸਾਈਕਲ ’ਤੇ ਲੱਦ ਕੇ ਘਰ ਆ ਰਹੇ ਸੀ, ਜਦ ਉਹ ਪਿੰਡ ਦੀ ਫਿਰਨੀ ਤੇ ਪੁੱਜੇ ਤਾਂ ਇਕ ਕਾਰ ਸਵਿਫਟ ਜਿਸ ਨੂੰ ਉਸ ਦਾ ਚਾਲਕ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਜਿਸ ਨੇ ਕਾਰ ਲਿਆ ਕੇ ਜੈਦੀਪ ਸਿੰਘ ਵਿਚ ਮਾਰੀ। ਇਸ ਹਾਦਸੇ ਵਿਚ ਜੈ ਦੀਪ ਸਿੰਘ ਜ਼ਖਮੀਂ ਹੋ ਗਿਆ ਤੇ ਜਿਸ ਨੂੰ ਇਲਾਜ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।



