Punjab

ਕਾਨੂੰਨ ਪ੍ਰਬੰਧਾਂ ’ਤੇ ਹੋਵੇ ਬਹਿਸ, ਵਿਧਾਨ ਸਭਾ ਸੈਸ਼ਨ ਦੋ ਦਿਨ ਹੋਰ ਵਧਾਇਆ ਜਾਵੇ; ਬਾਜਵਾ ਨੇ ਸਪੀਕਰ ਤੋਂ ਕੀਤੀ ਮੰਗ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 9 ਜੁਲਾਈ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਸਪੀਕਰ ਕੁਲਤਾਰ ਸੰਧਵਾਂ ਨੂੰ ਪੱਤਰ ਲਿਖ ਕੇ ਸੂਬੇ ਦੇ ਕਾਨੂੰਨ ਪ੍ਰਬੰਧਾਂ ’ਤੇ ਚਰਚਾ ਲਈ ਇਕ ਦਿਨ ਦਾ ਸਮਾਂ ਮੰਗਿਆ ਹੈ। ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ, ‘ਸਰਕਾਰ ਨੇ 10-11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਮੈਂ ਸਪੀਕਰ ਤੋਂ ਦੋ ਦਿਨ ਸੈਸ਼ਨ ਵਧਾਉਣ ਦੀ ਮੰਗ ਕੀਤੀ ਹੈ। ਇਕ ਦਿਨ ਸਿਰਫ ਕਾਨੂੰਨ ਪ੍ਰਬੰਧਾਂ ‘ਤੇ ਚਰਚਾ ਹੋਣੀ ਚਾਹੀਦੀ ਹੈ।’ ਬਾਜਵਾ ਨੇ ਕਿਹਾ, ‘ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਕਿਉਂਕਿ ਉਹ ਡਰਦੇ ਹਨ ਕਿ ਪੰਜਾਬ ਵਿਚ ਰਹਿਣ ਦੌਰਾਨ ਉਹ ਨਸ਼ੇ ਦੀ ਲਤ ’ਚ ਨਾ ਪੈ ਜਾਣ।” ਉਨ੍ਹਾਂ ਕਿਹਾ ਕਿ ਅਬੋਹਰ ’ਚ ਨਿਊ ਵੀਅਰਵੈੱਲ ਐਂਪੋਰੀਅਮ ਦੇ ਮਾਲਕ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ। ਮੋਗਾ ’ਚ ਪੰਜਾਬੀ ਫਿਲਮ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ ਨੂੰ ਨਰਸਿੰਗ ਹੋਮ ਵਿਚ ਦਾਖ਼ਲ ਹੋ ਕੇ ਗੋਲ਼਼ੀਆਂ ਮਾਰੀ ਜਾਂਦੀਆਂ ਹਨ। ਸੂਬੇ ’ਚ ਕਾਨੂੰਨ ਪ੍ਰਬੰਧਾਂ ਦਾ ਨਾਮੋ-ਨਿਸ਼ਾਨ ਨਹੀਂ ਰਹਿ ਗਿਆ। ਸਰਕਾਰ ਕਹਿੰਦੀ ਹੈ ਕਿ ਉਹ ਨਸ਼ੇ ਦੇ ਖ਼ਿਲਾਫ਼ ਜੰਗ ਲੜ ਰਹੀ ਹੈ ਪਰ ਜ਼ਮੀਨੀ ਤੌਰ ’ਤੇ ਕੋਈ ਬਦਲਾਅ ਨਹੀਂ ਆਇਆ। ਪੁਲਿਸ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਜੇਕਰ ਸਿਆਸੀ ਅਤੇ ਪੁਲਿਸ ਮਦਦ ਨਾ ਹੋਵੇ ਤਾਂ ਨਸ਼ਾ ਵਿਕ ਹੀ ਨਹੀਂ ਸਕਦਾ। ਕਾਂਗਰਸ ਇਨ੍ਹਾਂ ਮੁੱਦਿਆਂ ‘ਤੇ ਵਿਧਾਨ ਸਭਾ ਵਿਚ ਚਰਚਾ ਕਰਨਾ ਚਾਹੁੰਦੀ ਹੈ। ਲਾਰੈਂਸ ਬਿਸ਼ਨੋਈ ਦਾ ਨਾਂ ਲਏ ਬਗੈਰ ਬਾਜਵਾ ਨੇ ਕਿਹਾ ਕਿ ਸੰਜੇ ਵਰਮਾ ਦੀ ਹੱਤਿਆ ਦੀ ਜ਼ਿੰਮੇਵਾਰੀ ਜਿਸਨੇ ਲਈ, ਉਹ ਭਾਜਪਾ ਸ਼ਾਸਿਤ ਰਾਜ ਦੀ ਜੇਲ੍ਹ ’ਚ ਹੈ। ਮੁੱਖ ਮੰਤਰੀ ਭਗਵੰਤ ਮਾਨ ਜੇ ਗੰਭੀਰ ਹੁੰਦੇ ਤਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਜ਼ਿੰਮੇਵਾਰੀ ਲੈਣ ਵਾਲਿਆਂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰਦੇ। ਕਿਹਾ ਕਿ ਇਕ ਪਾਸੇ ਅਬੋਹਰ ਵਿਚ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਜਾ ਰਹੀ ਹੈ, ਦੂਜੇ ਪਾਸੇ ਉਸੇ ਦਿਨ ਲੁਧਿਆਣਾ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਪੰਜਾਬ ਤੋਂ 15,600 ਕਰੋੜ ਰੁਪਏ ਦਾ ਨਿਵੇਸ਼ ਲੈ ਕੇ ਜਾ ਰਹੇ ਹਨ। ਜਿੱਥੇ 10 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਉਪ ਚੋਣ ਜਿੱਤੀ ਸੀ। ਇਹ ਸਰਕਾਰ ਲਈ ਇਕ ਵੱਡਾ ਝਟਕਾ ਹੈ।”

ਕੇਜਰੀਵਾਲ ਨੇ 10 ਸਾਲਾਂ ’ਚ ਇਕ ਵੀ ਫਾਈਲ ਸਾਈਨ ਨਹੀਂ ਕੀਤੀ, ਮਾਨ ਵੀ ਨਹੀਂ ਕਰ ਰਹੇ

ਲੈਂਡ ਪੂਲਿੰਗ ਯੋਜਨਾ ਨੂੰ ‘ਲੈਂਡ ਫੂਲ ਯੋਜਨਾ’ ਦੱਸਦੇ ਹੋਏ ਬਾਜਵਾ ਨੇ ਕਿਹਾ, “ਅਰਵਿੰਦ ਕੇਜਰੀਵਾਲ 10 ਸਾਲਾਂ ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਨੇ ਇਕ ਵੀ ਫਾਈਲ ਸਾਈਨ ਨਹੀਂ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹੀ ਕੀਤਾ ਅਤੇ ਲੈਂਡ ਪੂਲਿੰਗ ਪਾਲਿਸੀ ਦੀ ਕਮੇਟੀ ’ਚੋਂ ਆਪਣਾ ਨਾਂ ਹਟਾ ਲਿਆ। ਇਸ ਕਮੇਟੀ ’ਚ ਪੰਜਾਬ ਦਾ ਇਕ ਵੀ ਵਿਅਕਤੀ ਨਹੀਂ ਹੈ। ਮੁੱਖ ਸਕੱਤਰ ਕੇਏਪੀ ਸਿਨਹਾ 2027 ਵਿਚ ਸੇਵਾ ਮੁਕਤ ਹੋ ਰਹੇ ਹਨ, ਜੋ ਇਸ ਕਮੇਟੀ ਦੇ ਚੇਅਰਮੈਨ ਹਨ। ਕਾਂਗਰਸ ਲੈਂਡ ਪੂਲਿੰਗ ਯੋਜਨਾ ਨੂੰ ਸਿਰੇ ਨਹੀਂ ਚੜ੍ਹਨ ਦੇਵੇਗੀ। ਕਾਂਗਰਸ 14 ਜੁਲਾਈ ਨੂੰ ਲੁਧਿਆਣਾ ਵਿਚ ਧਰਨਾ ਦੇਵੇਗੀ। ਆਮ ਆਦਮੀ ਪਾਰਟੀ ਪੰਜਾਬ ਤੋਂ 40,000 ਕਰੋੜ ਰੁਪਏ ਲੁੱਟ ਕੇ ਲਿਜਾਣਾ ਚਾਹੁੰਦੀ ਹੈ। ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ।

Related Articles

Leave a Reply

Your email address will not be published. Required fields are marked *

Back to top button