ਕਾਂਗਰਸ ਦੀ ਗੁਰੂਹਰਸਹਾਏ ਅੰਦਰ ਹੋਈ “ਮਨਰੇਗਾ ਬਚਾਓ ਸੰਗਰਾਮ” ਰੈਲੀ ਨੇ ਇਕੱਠ ਪੱਖੋਂ ਰਚਿਆ ਇਤਿਹਾਸ
ਕੜਾਕੇ ਦੇ ਠੰਡੇ ਮੌਸਮ ਚ ਠਰੂ ਠਰੂ ਕਰਦੇ ਕਾਂਗਰਸੀ ਲੀਡਰਾਂ ਅੰਦਰ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਅਤੇ ਉਤਸ਼ਾਹ ਨੇ ਲਿਆਂਦੀ ਗਰਮਾਹਟ

ਰੈਲੀ ਦਾ ਲਾ-ਮਿਸਾਲ ਇਕੱਠ 2027 ਵਿੱਚ ਕਾਂਗਰਸ ਸਰਕਾਰ ਬਣਾਉਣ ਦੇ ਦਾਅਵੇ ਨੂੰ ਕਰ ਗਿਆ ਮਜ਼ਬੂਤ
ਗੁਰੂਹਰਸਹਾਏ/ਫਿਰੋਜ਼ਪੁਰ/ਪੰਜਾਬ, 12 ਦਸੰਬਰ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਪਾਰਟੀ ਵੱਲੋਂ ਮਨਰੇਗਾ ਸਕੀਮ ਨੂੰ ਬਚਾਉਣ ਅਤੇ ਮਜ਼ਦੂਰ ਵਰਗ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੂਬੇ ਭਰ ਵਿੱਚ ਚਲਾਈ ਜਾ ਰਹੀ ਮਨਰੇਗਾ ਬਚਾਓ ਸੰਗਰਾਮ ਮੁਹਿੰਮ ਅਧੀਨ ਗੁਰੂਹਰਸਹਾਏ ਵਿੱਚ ਹੋਈ ਰੈਲੀ ਨੇ ਨਵਾਂ ਇਤਿਹਾਸ ਰਚ ਦਿੱਤਾ । ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਪ੍ਰਧਾਨਗੀ ਹੇਠ ਹੋਈ, ਇਸ ਵਿਸ਼ਾਲ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ। ਸਿਆਸੀ ਟੇਵੇ ਲਾਉਣ ਵਾਲੇ ਪੰਡਤਾਂ ਵੱਲੋਂ ਰੈਲੀ ਨੂੰ ਹੁਣ ਤੱਕ ਸੂਬੇ ਵਿੱਚ ਹੋਈਆਂ ਸਾਰੀਆਂ ਮਨਰੇਗਾ ਰੈਲੀਆਂ ਵਿੱਚੋਂ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਰੈਲੀ ਮੰਨਿਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਰੈਲੀ ਵਿੱਚ ਹੋਏ ਲੋਕ ਇਕੱਠ ਨੇ ਇਹ ਸਾਫ਼ ਸੰਕੇਤ ਦਿੱਤਾ ਕਿ ਪੰਜਾਬ ਦਾ ਮਜ਼ਦੂਰ, ਕਿਸਾਨ ਅਤੇ ਆਮ ਵਰਗ ਕਾਂਗਰਸ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਰੈਲੀ ਵਿੱਚ ਸ਼ਾਮਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਸਮੇਤ ਆਦਿ ਸੀਨੀਅਰ ਕਾਂਗਰਸੀ ਆਗੂਆਂ ਨੇ ਇਕਸੁਰ ਵਿੱਚ ਕਿਹਾ ਕਿ ਗੁਰੂਹਰਸਹਾਏ ਦੀ ਇਹ ਰੈਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਦੀ ਪੱਕੀ ਗਵਾਹੀ ਭਰ ਰਹੀ ਹੈ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਸਰਕਾਰ ਮਜ਼ਦੂਰ ਵਿਰੋਧੀ ਹੈ ਅਤੇ ਮਨਰੇਗਾ ਵਰਗੀ ਲੋਕ-ਹਿੱਤ ਸਕੀਮ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਬੈਠੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਮਨਰੇਗਾ ਨੂੰ ਬਚਾਉਣ ਲਈ ਹਰ ਮੋਰਚੇ ‘ਤੇ ਲੜਾਈ ਲੜੇਗੀ ਅਤੇ ਕਿਸੇ ਵੀ ਕੀਮਤ ‘ਤੇ ਗਰੀਬਾਂ ਦੀ ਰੋਜ਼ੀ-ਰੋਟੀ ‘ਤੇ ਹਮਲਾ ਨਹੀਂ ਹੋਣ ਦੇਵੇਗੀ। ਆਗੂਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਰੈਲੀਆਂ ਤੋਂ ਬਾਅਦ ਭਾਜਪਾ ਆਗੂਆਂ ਦੇ ਘਰਾਂ ਦਾ ਘੇਰਾਓ ਕਰਕੇ ਉਨ੍ਹਾਂ ਨੂੰ ਨੀਂਦੋਂ ਜਗਾਇਆ ਜਾਵੇਗਾ, ਤਾਂ ਜੋ ਉਹ ਮਜ਼ਦੂਰਾਂ ਦੀ ਹਕੀਕਤ ਨੂੰ ਸਮਝ ਸਕਣ । ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਤਿੱਖੀ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਤੋਂ ਭੱਜਿਆ ਹੋਇਆ ਆਗੂ ਦੱਸਿਆ ਗਿਆ ਅਤੇ ਲੋਕਾਂ ਨੂੰ ਅਜਿਹੇ ਨੇਤਾਵਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਭਾਰੀ ਇਕੱਠ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਸਰਹੱਦੀ ਹੋਣ ਕਰਕੇ ਅਜੇ ਵੀ ਵਿਕਾਸ ਪੱਖੋਂ ਪਿਛੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਮਰਥਕ ਇਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜੋ ਹਰ ਮੁਸ਼ਕਲ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਹਨ। ਆਵਲਾ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਸਰਹੱਦੀ ਖੇਤਰਾਂ ਵਿੱਚ ਅਣ-ਖੇਤੀ ਜ਼ਮੀਨ ਨੂੰ ਪੱਕਾ ਕਰਕੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ, ਤਾਂ ਜੋ ਇਲਾਕੇ ਦੇ ਲੋਕ ਖੁਸ਼ਹਾਲ ਅਤੇ ਇਜ਼ਤਦਾਰ ਜੀਵਨ ਜੀ ਸਕਣ। ਉਨ੍ਹਾਂ ਕਿਹਾ ਕਿ ਮਨਰੇਗਾ ਗਰੀਬ ਪਰਿਵਾਰਾਂ ਲਈ ਸਹਾਰਾ ਹੈ, ਜਿਸਨੂੰ ਮੋਦੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ, ਪਰ ਕਾਂਗਰਸ ਪਾਰਟੀ ਇਹ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।

ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਦੇਖ ਰੇਖ ਹੇਠ ਗੁਰੂਹਰਸਹਾਏ ਵਿੱਚ ਹੋਈ “ਮਨਰੇਗਾ ਬਚਾਓ ਸੰਗਰਾਮ” ਰੈਲੀ ਨੂੰ ਸੰਬੋਧਨ ਕਰਦੇ ਕਾਂਗਰਸੀ ਆਗੂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਵਿਸ਼ਾਲ ਇਕੱਠ



