ਕਸ਼ਮੀਰ ’ਚ ਮਨਾਇਆ ਜਾਵੇਗਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ, ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣਗੇ ਚਾਰ ਸਮਾਗਮ

ਪਟਿਆਲਾ, 20 ਜੁਲਾਈ : 2025 ਦਾ ਇਹ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਇਸ ਪ੍ਰਥਾਏ ਭਾਸ਼ਾ ਵਿਭਾਗ ਨੇ ਦੋ ਰੋਜ਼ਾ ਸਮਾਗਮ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮੱਤਨ ਅਤੇ ਸ੍ਰੀਨਗਰ (ਕਸ਼ਮੀਰ) ਵਿਖੇ 23 ਤੇ 24 ਜੁਲਾਈ ਨੂੰ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੀ ਆਰੰਭਤਾ 23 ਜੁਲਾਈ ਨੂੰ ਸਵੇਰੇ ਮੱਤਨ ਦੇ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਵੇਗੀ। ਦੱਸਣਯੋਗ ਹੈ ਕਿ ਸ੍ਰੀਨਗਰ ਨੇੜਲੇ ਸਥਾਨ ਮੱਤਨ ਦਾ ਸਬੰਧ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਅਨੰਦਪੁਰ ਸਾਹਿਬ ਵਿਖੇ ਫਰਿਆਦ ਲੈ ਕੇ ਆਉਣ ਵਾਲੇ ਕਸ਼ਮੀਰੀ ਪੰਡਤਾਂ ਦੇ ਮੁਖੀ ਪੰਡਿਤ ਕਿਰਪਾ ਰਾਮ ਜੀ ਨਾਲ ਸੀ। ਪੰਡਿਤ ਜੀ ਕਈ ਪੀੜ੍ਹੀਆਂ ਤੋਂ ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਹੀ ਰਹੇ ਅਤੇ ਗੁਰੂ ਪਰਿਵਾਰ ਦੀ ਸੇਵਾ ਸੰਭਾਲ ਕੀਤੀ। ਖਾਲਸਾ ਪੰਥ ਦੀ ਸਾਜਨਾ ਵੇਲੇ ਆਪ ਖੰਡੇ ਦੀ ਪਾਹੁਲ ਛਕ ਕੇ ਭਾਈ ਕਿਰਪਾ ਸਿੰਘ ਬਣੇ ਅਤੇ ਦਸੰਬਰ 1705 ਨੂੰ ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਸ਼ਹੀਦ ਹੋਏ।



