Punjab

ਕਸਟਮਰ ਦੀ ਸ਼ਿਕਾਇਤ ਤੋਂ ਬਾਅਦ Swiggy ਦਾ ਮੁਲਾਜ਼ਮ ਭੜਕਿਆ, ਮੈਨੇਜਰ ‘ਤੇ ਕੀਤਾ ਚਾਕੂ ਨਾਲ ਵਾਰ, ਮੁਕੱਦਮਾ ਦਰਜ

ਲੁਧਿਆਣਾ, 16 ਫਰਵਰੀ-ਇੱਕ ਗ੍ਰਾਹਕ ਨੇ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਸਵਿਗੀ ਦੇ ਮੁਲਾਜ਼ਮ ਦੀ ਸ਼ਿਕਾਇਤ ਮੈਨੇਜਰ ਨੂੰ ਕੀਤੀ ਤਾਂ ਮੁਲਾਜ਼ਮ ਬੁਰੀ ਤਰ੍ਹਾਂ ਭੜਕ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਪਨੀ ਦੇ ਮੈਨੇਜਰ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਵੀਗੀ ਮੈਨੇਜਰ ਰਵੀ ਕੁਮਾਰ ਦੀ ਸ਼ਿਕਾਇਤ ਤੇ ਨਾਮਦੇਵ ਕਲੋਨੀ ਦੇ ਵਾਸੀ ਸੁਨੀਲ ਕੁਮਾਰ ਅਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਜੀਤ ਨਗਰ ਦੇ ਵਾਸੀ ਰਵੀ ਨੇ ਦੱਸਿਆ ਕਿ ਉਹ ਸਵੀਗੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ। ਕੁਝ ਦਿਨ ਪਹਿਲੋਂ ਇੱਕ ਗ੍ਰਾਹਕ ਨੇ ਸਵੀਗੀ ਦੇ ਮੁਲਾਜ਼ਮ ਸੁਨੀਲ ਕੁਮਾਰ ਦੀ ਸ਼ਿਕਾਇਤ ਦਫ਼ਤਰ ਵਿੱਚ ਕੀਤੀ । ਮੈਨੇਜਰ ਹੋਣ ਦੇ ਨਾਤੇ ਰਵੀ ਨੇ ਜਦ ਸੁਨੀਲ ਨੂੰ ਫੋਨ ਕੀਤਾ ਤਾਂ ਸੁਨੀਲ ਨੇ ਉਸ ਨਾਲ ਗਾਲ਼ੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ । ਦਫ਼ਤਰ ਤੋਂ ਬਾਹਰ ਨਿਕਲਦੇ ਹੀ ਸੁਨੀਲ ਨੇ ਰਵੀ ਨੂੰ ਮਾਰਨ ਲਈ ਇੱਟ ਚੁੱਕ ਲਈ । ਕੰਪਨੀ ਦੇ ਬਾਕੀ ਮੁਲਾਜ਼ਮਾਂ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ । ਰਵੀ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਜਿਵੇਂ ਹੀ ਦਫ਼ਤਰ ਤੋਂ ਘਰ ਵੱਲ ਨੂੰ ਜਾਣ ਲੱਗਾ ਤਾਂ ਇਸੇ ਦੌਰਾਨ ਤਿੰਨ ਲੜਕੇ ਆਏ । ਸੁਨੀਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਗਲਮੇ ਤੋਂ ਫੜ ਲਿਆ ਅਤੇ ਉਸ ਉੱਪਰ ਚਾਕੂ ਨਾਲ ਤਾਬੜ ਤੋੜ ਵਾਰ ਕੀਤੇ । ਫੱਟੜ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਵੀ ਦੀ ਸ਼ਿਕਾਇਤ ਤੇ ਸੁਨੀਲ ਅਤੇ ਉਸਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button