International

ਕਰੀਅਰ?: ਚੜ੍ਹ ਜਾਓ ਨਿਊਜ਼ੀਲੈਂਡ ਪੁਲਿਸ ਦੀ ਬੱਸੇ: ਕਦਮ ਰੱਖੋ-ਵਰਦੀ ਪਹਿਨੋ-ਕਰੋ ਸੇਵਾ-“Step Up, Suit Up, Serve Up”

ਨਿਊਜ਼ੀਲੈਂਡ ਪੁਲਿਸ ਨੇ ਭਰਤੀ ਮੁਹਿੰਮ ਲਈ ਇਸ਼ਤਿਹਾਰੀ ਸਮੱਗਰੀ ਨਾਲ ਸ਼ਿੰਗਾਰੀ ਡਬਲ ਡੈਕਰ ਬੱਸ

ਔਕਲੈਂਡ 4 ਜੂਨ 2025 -ਨਿਊਜ਼ੀਲੈਂਡ ਪੁਲਿਸ ਵਿਭਾਗ 500 ਦੇ ਕਰੀਬ ਹੋਰ ਪੁਲਿਸ ਅਫਸਰ ਭਰਤੀ ਕਰਨ ਦੀ ਸਕੀਮ ਵਿਚ ਹੈ। ਇਸ ਭਰਤੀ ਮੁਹਿੰਮ ਨੂੰ ਇਕ ਅਨੋਖੇ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਕ ਡਬਲ ਡੈਕਰ ਬੱਸ ਦੇ ਉਤੇ ਇਸ਼ਤਿਹਾਰੀ ਸਮੱਗਰੀ ਨਾਲ ਸ਼ਿੰਗਾਰਿਆ ਗਿਆ ਹੈ ਤਾਂ ਕਿ ਜਿਹੜੇ ਨੌਜਵਾਨ ਬੱਚੇ-ਬੱਚੀਆਂ ਆਪਣਾ ਕਰੀਅਰ ਪੁਲਿਸ ਅਫਸਰ ਬਣ ਕੇ ਬਨਾਉਣਾ ਚਾਹੁੰਦੇ ਹੋਣ, ਇਹ ਇਸ ਪਾਸੇ ਆਕਰਸ਼ਿਤ ਹੋਣ। ਬੱਸ ਇੱਕ ਨਵੀਂ ਭਰਤੀ ਮੁਹਿੰਮ ਸ਼ੁਰੂ ਕਰ ਰਹੀ ਹੈ। ਇਹ ਬੱਸ ਔਕਲੈਂਡ ਖੇਤਰ ਦੇ ਵਿਚ ਵੇਖਣ ਨੂੰ ਮਿਲੇਗੀ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ‘‘ਔਕਲੈਂਡ ਹਮੇਸ਼ਾ ਸਾਡੇ ਲਈ ਇੱਕ ਮੁੱਖ ਭਰਤੀ ਖੇਤਰ ਰਿਹਾ ਹੈ, ਅਤੇ ਅਸੀਂ ਬਹੁਤ ਜ਼ਿਆਦਾ ਦਿਖਾਈ ਦੇਣ ਅਤੇ ਦੂਰ-ਦੂਰ ਤੱਕ ਇਸ਼ਤਿਹਾਰ ਦੇਣ ਲਈ ਉਤਸੁਕ ਹਾਂ। ਅਸੀਂ ਜਾਣਦੇ ਹਾਂ ਕਿ ਬੱਸਾਂ ਪੂਰੇ ਸ਼ਹਿਰ ਤੱਕ ਪਹੁੰਚਣ ਲਈ ਆਦਰਸ਼ ਹਨ। ‘ਪੁਲਿਸ’ ਬੱਸਾਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਜਨਤਕ ਸਰਕੂਲੇਸ਼ਨ ਵਿੱਚ ਰਹਿਣਗੀਆਂ।ਬੱਸਾਂ ਨੂੰ ਸ਼ਿੰਗਾਰਨ ਦੀ ਦੀ ਕੁੱਲ ਲਾਗਤ ਪ੍ਰਿੰਟ, ਇੰਸਟਾਲੇਸ਼ਨ ਅਤੇ 12 ਹਫ਼ਤਿਆਂ ਦੇ ਮੀਡੀਆ ਇਸ਼ਤਿਹਾਰ ਸਮੇਤ ਕੁੱਲ ਖਰਚਾ 119,800 ਡਾਲਰ ਆਇਆ ਹੈ।  ਐਲਬਨੀ ਵਿਖੇ ਨਵਾਂ ਆਕਲੈਂਡ ਸਿਖਲਾਈ ਕੈਂਪਸ ਉਨ੍ਹਾਂ ਲੋਕਾਂ ਲਈ ਪੁਲਿਸ ਨਾਲ ਕਰੀਅਰ ਬਣਾਉਣ ਵਿੱਚ ਵੀ ਮਦਦ ਕਰੇਗਾ ਜੋ 20-ਹਫ਼ਤਿਆਂ ਦੇ ਪੂਰੇ ਕੋਰਸ ਲਈ ਵਲਿੰਗਟਨ ਨਹੀਂ ਜਾ ਸਕਦੇ। ਉਹ ਕੈਂਪਸ ਜੁਲਾਈ ਦੇ ਸ਼ੁਰੂ ਤੋਂ ਆਪਣੇ ਪਹਿਲੇ ਦਾਖਲੇ ਦਾ ਸਵਾਗਤ ਕਰਨ ਲਈ ਤਿਆਰ ਹੈ। ਇਹ ਸਾਡੀ ਭਰਤੀ ਅਤੇ ਸਿਖਲਾਈ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ।’’ਵਰਨਣਯੋਗ ਹੈ ਕਿ ਕੈਂਟਰਬਰੀ ਨੂੰ ਛੱਡ ਕੇ, ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਰਜ਼ੀਆਂ ਖੁੱਲ੍ਹੀਆਂ ਰਹਿੰਦੀਆਂ ਹਨ। ਭਰਤੀ ਦੇ ਯਤਨ ਲਗਾਤਾਰ ਵਧ ਰਹੇ ਹਨ ਅਤੇ 2025 ਵਿਚ ਅਰਜ਼ੀਆਂ  ਦੇ ਵਾਧੇ ਦਾ ਰੁਝਾਨ ਵੇਖਿਆ ਜਾ ਰਿਹਾ ਹੈ। ਸੋ ਵੇਖਿਆ ਜਾਵੇ ਤਾਂ ਨਿਊਜ਼ੀਲੈਂਡ ਪੁਲਿਸ ਕੈਰੀਅਰ ਬਨਾਉਣ ਵਾਲਿਆਂ ਨੂੰ ਇਹੀ ਸੁਨੇਹਾ ਦੇ ਰਹੀ ਹੈ ਕਿ ਆ ਜਾਓ ਚੜ੍ਹ ਜਾਓ ਪੁਲਿਸ ਦੀ ਬੱਸੇ ਅਸੀਂ ਦੇਵਾਂਗੇ ਸੂਟ (ਵਰਦੀ) ਅਤੇ ਲਗ ਜਾਓ ਦੇਸ਼ ਦੀ ਸੇਵਾ ਵਿਚ।

Related Articles

Leave a Reply

Your email address will not be published. Required fields are marked *

Back to top button