
ਜਲੰਧਰ, 30 ਅਪ੍ਰੈਲ-ਥਾਣਾ ਇਕ ਅਧੀਨ ਆਉਂਦੇ ਅਸ਼ੋਕ ਵਿਹਾਰ ਤੇ ਗੁਰੂ ਅਮਰਦਾਸ ਕਲੋਨੀ ਵਿਖੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਨਗਰ ਨਿਗਮ ਦੀ ਸਹਾਇਤਾ ਨਾਲ ਨਸ਼ਾ ਤਸਕਰਾਂ ਦੇ ਘਰ ਤੋੜ ਦਿੱਤੇ। ਪੁਲਿਸ ਵੱਲੋਂ ਇਲਾਕੇ ਨੂੰ ਛਾਉਣੀ ’ਚ ਤਬਦੀਲ ਕਰਕੇ ਇਹ ਕਾਰਵਾਈ ਕੀਤੀ ਗਈ। ਆਸ ਪਾਸ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਅਜਿਹੀ ਕਾਰਵਾਈ ਕਰਨ ’ਤੇ ਧੰਨਵਾਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਨਿਸ਼ਾ ਚੌਧਰੀ ਉਰਫ ਨਿਸ਼ਾ ਖਾਨ ਨੂੰ ਨਗਰ ਨਿਗਮ ਵੱਲੋਂ ਨੋਟਿਸ ਮਿਲਣ ’ਤੇ ਉਸ ਵੱਲੋਂ ਇਹ ਘਰ ਪਹਿਲਾਂ ਹੀ ਖਾਲੀ ਕਰ ਦਿੱਤਾ ਗਿਆ ਸੀ। ਇਥੋਂ ਤੱਕ ਕੇ ਉਸਨੇ ਘਰ ਦਾ ਗੇਟ ਵੀ ਉਤਾਰ ਲਿਆ ਗਿਆ ਸੀ। ਨਗਰ ਨਿਗਮ ਨੇ ਉਸ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ’ਤੇ ਹੀ ਕਾਰਵਾਈ ਕੀਤੀ ਹੈ।
ਦੂਜੇ ਨਸ਼ਾ ਤਸਕਰ ਦੇ ਪਰਿਵਾਰ ਨੇ ਕਾਰਵਾਈ ਦਾ ਕੀਤਾ ਵਿਰੋਧ
ਗੁਰੂ ਅਮਰਦਾਸ ਨਗਰ ਵਿਖੇ ਨਸ਼ਾ ਤਸਕਰ ਦਲੀਪ ਸਿੰਘ ਦੇ ਘਰ ਕਾਰਵਾਈ ਲਈ ਪੁਲਿਸ ਪੁੱਜੀ ਤਾਂ ਦਲੀਪ ਸਿੰਘ ਸਮੇਤ ਪਰਿਵਾਰ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ। ਮੌਕੇ ’ਤੇ ਮੌਜੂਦ ਏਡੀਸੀਪੀ-1 ਆਕਰਸ਼ੀ ਜੈਨ ਨੇ ਕਿਹਾ ਕਿ ਸਰਕਾਰ ਵੱਲੋਂ ਕਾਰਵਾਈ ਕਰਨ ’ਤੇ ਦਲੀਪ ਸਿੰਘ ਦੇ ਪਰਿਵਾਰ ਨੇ ਸਰਕਾਰੀ ਕੰਮ ’ਚ ਰੁਕਾਵਟ ਪਾਈ। ਇਸ ਦੌਰਾਨ ਪਰਿਵਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ ਤੇ ਘਰ ‘ਤੇ ਬੁਲਡੋਜ਼ਰ ਚਲਾ ਕੇ ਬਾਅਦ ’ਚ ਪਰਿਵਾਰ ਨੂੰ ਛੱਡ ਦਿੱਤਾ ਗਿਆ। ਏਟੀਪੀ ਸੁਖਦੇਵ ਵਿਸ਼ਿਸ਼ਟ ਨੇ ਦੱਸਿਆ ਕਿ ਪਰਿਵਾਰ ਨੂੰ ਤਿੰਨ ਵਾਰ ਨੋਟਿਸ ਜਾਰੀ ਕੀਤੇ ਗਏ ਹਨ। ਇਕ ਵਾਰ ਉਸਨੂੰ ਪੇਸ਼ੀ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਪਰਿਵਾਰ ਨੇ ਨਕਸ਼ਾ ਪਾਸ ਕਰਵਾਉਣ ਸਬੰਧੀ ਦਸਤਾਵੇਜ਼ ਨਹੀਂ ਦਿਖਾਏ। ਅੱਜ ਨਾਜਾਇਜ਼ ਇਮਾਰਤ ਵਿਰੁੱਧ ਕਾਰਵਾਈ ਕਰਦਿਆਂ ਬੁਲਡੋਜ਼ਰ ਚਲਾ ਦਿੱਤਾ ਗਿਆ। ਦਲੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਇਹ ਮਕਾਨ ਉਸਦੇ ਪਿਤਾ ਨੇ ਖਰੀਦ ਕੇ ਦਿੱਤਾ ਸੀ, ਜਦੋਂ ਹਾਲੇ ਕੁਆਰੀ ਸੀ।
ਉਸ ਖਿਲਾਫ ਝੂਠੇ ਕੇਸ ਦਰਜ ਕੀਤੇ
ਦਲੀਪ ਸਿੰਘ ਨੇ ਕਿਹਾ ਕਿ ਉਸ ਵਿਰੁੱਧ ਨਾਜਾਇਜ਼ ਕੇਸ ਦਰਜ ਦਿੱਤੇ ਗਏ ਹਨ। ਦਲੀਪ ਨੇ ਦੱਸਿਆ ਕਿ 2017 ‘ਚ ਉਸ ’ਤੇ ਕੇਸ ਦਰਜ ਕੀਤਾ ਗਿਆ ਸੀ। ਉਸਦਾ ਕਹਿਣਾ ਹੈ ਕਿ ਇਹ ਘਰ ਉਸ ਦੇ ਨਾਂ ‘ਤੇ ਵੀ ਨਾ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਨੋਟਿਸ ਉਸਦੇ ਨਾਮ ’ਤੇ ਭੇਜਿਆ ਗਿਆ। ਉਸ ਦਾ ਕਹਿਣਾ ਹੈ ਕਿ ਸੰਨ 2021 ’ਚ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਰਹਿ ਰਿਹਾ ਹੈ।ਦਲੀਪ ਨੇ ਦੱਸਿਆ ਕਿ ਉਸ ਖ਼ਿਲਾਫ਼ ਥਾਣਾ ਮਕਸੂਦਾ ’ਚ ਕੇਸ ਦਰਜ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਥਾਣਾ 1 ’ਚ ਕੇਸ ਦਰਜ ਹੋਇਆ ਸੀ। ਜਿਸ ਦੌਰਾਨ ਥਾਣੇਦਾਰ ਗਿਆਨ ਨੇ 6 ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਥਾਣੇਦਾਰ ਨੇ 5 ਗ੍ਰਾਮ ਸਮੈਕ ਦਾ ਕੇਸ ਦਰਜ ਕਰਕੇ ਉਸਨੂੰ ਜੇਲ ਭੇਜ ਦਿੱਤਾ ਗਿਆ। ਉਸਦਾ ਕਹਿਣਾ ਹੈ ਕਿ ਡਰਾਇਵਰੀ ਕਰਦਿਆਂ ਹੋਇਆਂ ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਪਰ ਇਸ ਮਕਾਨ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਗੁਰੂ ਅਮਰਦਾਸ ਨਗਰ ਵਿਖੇ ਦਲੀਪ ਸਿੰਘ ਉਰਫ਼ ਦਲੀਪਾ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਢਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਦਨਾਮ ਨਸ਼ਾ ਤਸਕਰ ਹੈ ਤੇ ਇਸ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ 11 ਐੱਫਆਈਆਰ ਦਰਜ ਹੋ ਚੁੱਕੀਆਂ ਹਨ ਅਤੇ ਇਨਾਂ ਵਿਚੋਂ ਕਈ ਕੇਸਾਂ ਵਿਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਸ਼ੋਕ ਨਗਰ ਵਿਖੇ ਨਸ਼ਾ ਤਸਕਰ ਨਿਸ਼ਾ ਖਾਨ ਉਰਫ਼ ਨਿਸ਼ਾ ਚੌਧਰੀ ਦੇ ਗੈਰ ਕਾਨੂੰਨੀ ਨਿਰਮਾਣ ਨੂੰ ਢਾਹਿਆ ਗਿਆ ਹੈ। ਨਿਸ਼ਾ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ 6 ਐੱਫਆਰਆਈ.ਦਰਜ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਇਹ ਕਰਵਾਈਆਂ ਏਡੀਸੀਪੀ-1 ਆਕਰਸ਼ੀ ਜੈਨ ਅਤੇ ਏਸੀਪੀ ਨੌਰਥ ਆਤਿਸ਼ ਭਾਟੀਆ ਦੀ ਅਗਵਾਈ ਵਿਚ ਕੀਤੀਆਂ ਗਈਆਂ ਹਨ।



