
ਫ਼ਿਰੋਜ਼ਪੁਰ, 29 ਨਵੰਬਰ (ਬਾਲ ਕਿਸ਼ਨ)– ਕਮਿਊਨਟੀ ਹੈਲਥ ਅਫ਼ਸਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸੀ.ਐਚ.ਓ ਐਸੋਸੀਏਸ਼ਨ ਵੱਲੋਂ ਫ਼ਿਰੋਜ਼ਸ਼ਾਹ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਦੇਰੀ ਨਾਲ ਮਿਲ ਰਹੀਆਂ ਤਨਖ਼ਾਹਾਂ ਅਤੇ ਇਨਸੈਂਟਿਵ ਬਾਰੇ, ਵਿਭਾਗ ਵੱਲੋਂ ਦਿੱਤੇ ਜਾ ਰਹੇ ਵਾਧੂ ਕੰਮਾਂ ਆਦਿ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਸੀ.ਐਚ.ਓ ਐਸੋਸੀਏਸ਼ਨ ਪੰਜਾਬ ਦੇ ਸਟੇਟ ਆਗੂ ਨਰਿੰਦਰ ਸਿੰਘ ਅਤੇ ਡਾ: ਪ੍ਰੀਤ ਮਖ਼ੀਜਾ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਾਨੂੰ ਆਪਣੇ ਕੰਮ ਨੂੰ ਪੂਰਾ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਾ ਚਾਹੀਦਾ ਹੈ, ਪ੍ਰੰਤੂ ਵਿਭਾਗ ਵੱਲੋਂ ਪਾਏ ਜਾ ਰਹੇ ਬੇਲੋੜੇ ਬੋਝ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਐਨ.ਐਚ.ਐਮ ਮੁਲਾਜ਼ਮਾਂ ਨੂੰ ਮਿਲ ਰਹੀਆਂ ਨਿਗੂਣੀਆਂ ਤਨਖ਼ਾਹਾਂ ਨੂੰ ਵੀ ਸਰਕਾਰ ਵੱਲੋਂ 2-2 ਮਹੀਨੇ ਦੀ ਦੇਰੀ ਨਾਲ ਜਾਰੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਅਤੇ ਮੁਲਾਜ਼ਮਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮੋਕੇ ਜਿਲ੍ਹਾ ਪੈਰਾ ਮੈਡੀਕਲ ਯੂਨੀਅਨ ਦੇ ਆਗੂਆਂ ਕੌਰਜੀਤ ਸਿੰਘ ਢਿੱਲੋਂ, ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਕੌੜਾ, ਕਰਨਜੀਤ ਸਿੰਘ, ਡਾ: ਅਸ਼ੋਕ, ਡਾ: ਗੁਰਵਿੰਦਰ ਸਿੰਘ, ਅਜੀਤ ਗਿੱਲ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀਆਂ ਨੂੰ ਇਕਜੁੱਟ ਹੋ ਕੇ ਰਹਿਣ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਬਲਾਕ ਫ਼ਿਰੋਜ਼ਸ਼ਾਹ ਦੇ ਐੱਸ.ਐਮ.ਓ ਸਾਹਿਬ ਨੂੰ ਸੀ.ਐਚ.ਓ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ ਅਤੇ ਮੰਗ ਪੱਤਰ ਦਿੱਤਾ ਗਿਆ ਕਿ ਸੀ.ਐਚ.ਓ ਵੱਲੋਂ ਐਨ.ਸੀ.ਡੀ ਪੋਰਟਲ, ਈ–ਸੰਜੀਵਨੀ ਪੋਰਟਲ, ਐਚ.ਡਬਲਯੂ.ਸੀ ਪੋਰਟਲ, ਨਿੱਕਸ਼ੇ ਪੋਰਟਲ ਆਦਿ ’ਤੇ ਆਨਲਾਈਨ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਆਪਣੇ ਟਾਰਗੇਟ ਸਬੰਧੀ ਕੰਮ ਕੀਤੇ ਜਾ ਰਹੇ ਹਨ, ਜਿਸ ਵਿੱਚ ਓਪੀਡੀ, ਐਨ.ਸੀ.ਡੀ ਸਕ੍ਰੀਨਿੰਗ, ਬੀ.ਪੀ ਸ਼ੂਗਰ ਦੇ ਮਰੀਜ਼ਾਂ ਦਾ ਫਾਲੋ ਅੱਪ, ਟੀਬੀ ਸਕਰੀਨਿੰਗ, ਏ.ਐਨ.ਸੀ ਚੈੱਕ ਅੱਪ ਆਦਿ ਕੰਮ ਸ਼ਾਮਿਲ ਹਨ। ਵਿਭਾਗ ਵੱਲੋਂ ਦਿੱਤੇ ਜਾ ਰਹੇ ਵਾਧੂ ਕੰਮਾਂ ਨਾਲ ਉਨ੍ਹਾਂ ਦੇ ਟਾਰਗੇਟ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਐੱਸ.ਐਮ.ਓ ਸਾਹਿਬ ਦੁਆਰਾ ਭਰੋਸਾ ਦਿੱਤਾ ਗਿਆ ਕਿ ਉਹ ਸਾਡੇ ਸਾਥੀਆਂ ਦੇ ਸਾਰੇ ਮਸਲੇ ਹੱਲ ਕਰਨਗੇ । ਇਸ ਮੌਕੇ ਬਲਾਕ ਪ੍ਰਧਾਨ ਸੀ.ਐਚ.ਓ ਗੌਰਵ ਦਾਸ, ਕਿਰਨਜੀਤ ਕੌਰ, ਨੇਹਾ, ਮਨਪ੍ਰੀਤ ਕੌਰ, ਜਸਬੀਰ ਕੌਰ, ਗੁਰਪ੍ਰੀਤ ਕੌਰ, ਹਰਮਨਦੀਪ ਸਿੰਘ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸੀ.ਐਚ.ਓ. ਐਸੋਸੀਏਸ਼ਨ ਦੇ ਆਗੁੂ। ਤਸਵੀਰ: ਬਾਲ ਕਿਸ਼ਨ



