
ਲੁਧਿਆਣਾ, 15 ਮਈ- ਸਥਾਨਕ ਨੀਚੀ ਮੰਗਲੀ ਇਲਾਕੇ ਦੀ ਫੈਕਟਰੀ ਦੇ ਕਮਰੇ ਵਿੱਚ ਰਹਿਣ ਵਾਲੇ ਵਿਅਕਤੀ ਦੇ ਕਮਰੇ ਦਾ ਤਾਲਾ ਤੋੜ ਕੇ ਐਲ ਈਡੀ ਚੋਰੀ ਦੀ ਵਾਰਦਾਤ ਅੰਜ਼ਾਮ ਹੋਈ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਨੀਚੀ ਮੰਗਲੀ ਦੇ ਰਹਿਣ ਵਾਲੇ ਵਿਕਾਸ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਐਲਈਡੀ ਚੋਰੀ ਕਰਨ ਵਾਲਿਆਂ ਦੀ ਸ਼ਨਾਖਤ ਜਨਕਪੁਰੀ ਦੇ ਰਹਿਣ ਵਾਲੇ ਨੀਰਜ ਕੁਮਾਰ ਅਤੇ ਨੀਚੀ ਮੰਗਲੀ ਵਾਸੀ ਚੰਦਨ ਕੁਮਾਰ ਦੇ ਰੂਪ ਵਿੱਚ ਕੀਤੀ ਹੈ। ਵਿਕਾਸ ਕੁਮਾਰ ਮੁਤਾਬਕ ਉਹ ਗੁਜਰਾਂ ਵਾਲਾ ਸਾਈਕਲ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਪਿਛਲੇ ਕਰੀਬ 11 ਸਾਲ ਤੋਂ ਬਤੌਰ ਹੈਲਪਰ ਨੌਕਰੀ ਕਰ ਰਿਹਾ ਹੈ। ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਹੀ ਕਮਰੇ ਵਿੱਚ ਰਹਿੰਦਾ ਹੈ। ਸ਼ਿਕਾਇਤ ਕਰਤਾ ਮੁਤਾਬਕ, 12 ਮਈ ਨੂੰ ਉਸ ਦੇ ਕਮਰੇ ਦਾ ਤਾਲਾ ਤੋੜ ਕੋਈ ਕਮਰੇ ਵਿੱਚ ਲੱਗੀ ਹੋਈ ਐਲ ਈ ਡੀ ਚੋਰੀ ਕਰਕੇ ਲੈ ਗਿਆ। ਜਦੋਂ ਉਸ ਨੇ ਆਪਣੇ ਪੱਧਰ ‘ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਰੀ ਨੀਰਜ ਕੁਮਾਰ ਅਤੇ ਚੰਦਨ ਕੁਮਾਰ ਨੇ ਮਿਲ ਕੇ ਕੀਤੀ ਸੀ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਫੋਕਲ ਪੁਆਇੰਟ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ।



