
ਐੱਸਏਐੱਸ ਨਗਰ, 7 ਜੂਨ : ਸੋਹਾਣਾ ਥਾਣਾ ਪੁਲਿਸ ਨੇ ਦਾਜ ਤੇ ਕਤਲ ਦੇ ਗੰਭੀਰ ਦੋਸ਼ ਵਿੱਚ ਲਖਨੌਰ ਨਿਵਾਸੀ ਨਿਜ਼ਾਮੂਦੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਆਪਣੀ ਪਤਨੀ ਮਹਿਨਾਜ਼ ਦਾ ਕਤਲ ਕਰਨ ਦਾ ਦੋਸ਼ ਹੈ। ਪੁਲਿਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਪਿੰਡ ਨਗਲੀਆਂ ਨਿਵਾਸੀ ਮੂਨੇ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ। ਮੂਨੇ ਨੇ ਪੁਲਿਸ ਨੂੰ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਉਸਦੀ ਬੇਟੀ ਮਹਿਨਾਜ਼ ਦਾ ਵਿਆਹ ਨਿਜ਼ਾਮੂਦੀਨ ਨਾਲ ਹੋਇਆ ਸੀ, ਜੋ ਹੁਣ ਵਿੱਚ ਮੁਹਾਲੀ ਦੇ ਲਖਨੌਰ ਇਲਾਕੇ ਵਿੱਚ ਰਹਿੰਦਾ ਹੈ ਅਤੇ ਇਕ ਢਾਬਾ ਚਲਾਉਂਦਾ ਹੈ। ਸ਼ਿਕਾਇਤਕਰਤਾ ਅਨੁਸਾਰ, ਵਿਆਹ ਤੋਂ ਬਾਅਦ ਤੋਂ ਹੀ ਨਿਜ਼ਾਮੂਦੀਨ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਲਗਾਤਾਰ ਪਰੇਸ਼ਾਨ ਕਰਦਾ ਸੀ। ਉਸਨੇ ਮੂਨੇ ਤੋਂ ਵੀ 10 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਹ ਉਸਦੀ ਬੇਟੀ ਨੂੰ ਜਾਨੋਂ ਮਾਰ ਦੇਵੇਗਾ। 2 ਮਈ ਨੂੰ ਮੁਲਜ਼ਮ ਨੇ ਮੂਨੇ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਹਿਨਾਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਹ ਮਹਿਨਾਜ਼ ਦੀ ਲਾਸ਼ ਲੈ ਕੇ ਯੂਪੀ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਲਾਸ਼ ਛੱਡ ਕੇ ਫ਼ਰਾਰ ਹੋ ਗਿਆ। ਇਸਦੀ ਸੂਚਨਾ ਮੂਨੇ ਨੇ ਤੁਰੰਤ ਥਾਣਾ ਆਜ਼ਮਨਗਰ, ਰਾਮਪੁਰ ਪੁਲਿਸ ਨੂੰ ਦਿੱਤੀ, ਜਿੱਥੇ ਪੋਸਟਮਾਰਟਮ ਵੀ ਕਰਵਾਇਆ ਗਿਆ ਕਿਉਂਕਿ ਘਟਨਾ ਸਥਾਨ ਮੁਹਾਲੀ ਖੇਤਰ ਵਿੱਚ ਆਉਂਦਾ ਹੈ, ਇਸ ਲਈ ਕੇਸ ਨੂੰ ਮੁਹਾਲੀ ਟਰਾਂਸਫ਼ਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਹਾਣਾ ਥਾਣਾ ਪੁਲਿਸ ਨੇ ਦਾਜ ਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਤੋਂ ਹੁਣ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਹਿਨਾਜ਼ ਦੀ ਮੌਤ ਪਿੱਛੇ ਦੀ ਪੂਰੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਾਰਵਾਈ ਕਰੇਗੀ।



