
ਫਿਰੋਜ਼ਪੁਰ, 10 ਜਨਵਰੀ: ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਸਰਚ ਦੌਰਾਨ ਕਣਕ ਦੇ ਇਕ ਖੇਤ ‘ਚੋਂ 5 ਕਿਲੋ 562 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਐੱਨਡੀਪੀਐੱਸ ਐਕਟ (ਕਮਰਸ਼ੀਅਲ) ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਪੱਲਾ ਮੇਘਾ ਤੋਂ ਪਿੰਡ ਭੰਬਾ ਸਿੰਘ ਵਾਲਾ ਰੋਡ ’ਤੇ ਮੌਜੂਦ ਸੀ ਤਾਂ ਅਚਾਨਕ ਡਰੋਨ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਸ ਡਰੋਨ ਦੀ ਅਵਾਜ਼ ਦਾ ਪਿੱਛਾ ਕੀਤਾ। ਡਰੋਨ ਦੀ ਅਵਾਜ਼ ਦਾ ਪਿੱਛਾ ਕਰਕੇ ਹੋਏ ਅੱਗੇ ਜਾ ਕੇ ਪਿੰਡ ਭੰਬਾ ਵਾਲਾ ਤੋਂ ਢਾਣੀਆਂ ਨੂੰ ਜਾਂਦੀ ਲਿੰਕ ਰੋਡ ’ਤੇ ਜਾ ਰਹੇ ਸੀ ਤਾਂ ਅੱਗੇ ਜਾ ਕੇ ਸੱਜੇ ਪਾਸੇ ਖੇਤ ਕਣਕ ਵਿਚ ਇਕ ਮੋਟਰ ’ਤੇ ਕੁਝ ਦੂਰੀ ਤੇ 2 ਵਿਅਕਤੀ ਜਿਨ੍ਹਾਂ ਦੇ ਮੋਬਾਇਲ ਫੋਨ ਜਗਦੇ ਹੋਏ ਵਿਖਾਈ ਦਿੱਤੇ ਤਾਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਉਸ ਦੇ ਸਾਥੀ ਕਰਮਚਾਰੀਆਂ ਅਤੇ ਬੀਐੱਸਐੱਫ ਦੇ ਕਰਮਚਾਰੀਆਂ ਦੀ ਮਦਦ ਨਾਲ ਉਸ ਏਰੀਆ ਦੇ ਆਸ ਪਾਸ ਦੇ ਖੇਤ ਕਣਕ ਦੀ ਸਰਚ ਦੌਰਾਨ ਇਕ ਪੀਲੇ ਰੰਗ ਦੀ ਟੇਪ ਵਾਲਾ ਪਾਰਸਲ ਜਿਸ ਵਿਚ ਪਾਰਦਰਸ਼ੀ ਮੋਮੀ ਲਿਫਾਫਾ ਜਿਸ ਵਿਚ 10 ਪੈਕੇਟ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਪਾਰਸਲ ਦਾ ਵਜ਼ਨ ਚੈੱਕ ਕਰਨ ਤੇ ਉਨ੍ਹਾਂ ਵਿਚੋਂ ਕੁੱਲ 5 ਕਿਲੋ 562 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



