
ਫ਼ਿਰੋਜ਼ਪੁਰ, 21 ਮਾਰਚ- ਫ਼ਿਰੋਜ਼ਪੁਰ ਸ਼ਹਿਰ ਭਾਰਤ ਨਗਰ ਗਲੀ ਮੇਸਾ ਸਿੰਘ ਵਾਲੀ ਵਿਖੇ ਮੋਟਰਸਾਈਕਲ ਡਿੱਗਣ ਨੂੰ ਲੈ ਕੇ ਇਕ ਔਰਤ ਦੇ ਥੱਪੜ ਮਾਰਨ ਅਤੇ ਉਸ ਨੂੰ ਜਾਤੀ ਪ੍ਰਤੀ ਅਪਸ਼ਬਦ ਬੋਲਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 5 ਲੋਕਾਂ ਖਿਲਾਫ 115 (2), 74, 3 (5), 324 ਬੀਐੱਨਐੱਸ 3/4 ਐੱਸਸੀ ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਚ ਸੁੱਖੋ ਪਤਨੀ ਜੱਗਾ ਵਾਸੀ ਗਲੀ ਮੇਸਾ ਸਿੰਘ ਵਾਲੀ ਭਾਰਤ ਨਗਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਭਤੀਜਾ ਵਿਸ਼ਾਲ ਪੁੱਤਰ ਸੁਖਚੈਨ ਸਿੰਘ ਵਾਸੀ ਫਰੀਦੇਵਾਲਾ ਥਾਣਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਜੋ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ, ਜਿਸ ਨੇ ਮੋਟਰਸਾਈਕਲ ਬਾਹਰ ਗਲੀ ਵਿਚ ਖੜਾ ਕੀਤਾ ਸੀ ਤਾਂ ਕੁਝ ਦੇਰ ਬਾਅਦ ਗਲੀ ਵਿਚ ਮੋਟਰਸਾਈਕਲ ਡਿੱਗਣ ਦੀ ਅਵਾਜ਼ ਆਈ ਤਾਂ ਉਸ ਨੇ ਜਾ ਵੇਖਿਆ ਤਾਂ ਕੋਮਲ ਪੁੱਤਰ ਕਾਲਾ ਜੋ ਆਪਣੇ ਮੋਟਰਸਾਈਕਲ ’ਤੇ ਸਵਾਰ ਜਿਸ ਦੇ ਮੋਟਰਸਾਈਕਲ ਮਾਰਨ ਕਰਕੇ ਉਸ ਦੇ ਭਤੀਜੇ ਦਾ ਮੋਟਰਸਾਈਕਲ ਡਿੱਗਾ ਸੀ, ਜਿਸ ਦੀ ਹੈੱਡਲਾਈਟ ਤੇ ਹੋਰ ਨੁਕਸਾਨ ਹੋ ਗਿਆ। ਸੁੱਖੋ ਨੇ ਦੱਸਿਆ ਕਿ ਉਸ ਨੇ ਕੋਮਲ ਨੂੰ ਮੋਟਰਸਾਈਕਲ ਦੇ ਨੁਕਸਾਨ ਦੀ ਪੂਰਤੀ ਵਾਸਤੇ ਕਿਹਾ ਤਾਂ ਕੋਮਲ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਦੇ ਥੱਪੜ ਮਾਰਿਆ ਤੇ ਰੌਲਾ ਸੁਣ ਕੇ ਬਾਕੀ ਦੋਸ਼ੀਅਨ ਰਮਨ ਪੁੱਤਰ ਚੰਚਲ ਸਿੰਘ, ਰਾਜੂ ਪੁੱਤਰ ਸਾਧਾ ਸਿੰਘ, ਮਹਿੰਦਰ ਪਤਨੀ ਕਾਲਾ ਸਿੰਘ, ਵੀਰੋ ਪਤਨੀ ਸਾਧਾ ਸਿੰਘ ਵਾਸੀਅਨ ਗਲੀ ਮੇਸਾ ਸਿੰਘ ਵਾਲੀ ਭਾਰਤ ਨਗਰ ਸਿਟੀ ਫਿਰੋਜ਼ਪੁਰ ਵੀ ਮੌਕੇ ’ਤੇ ਆ ਗਏ ਤੇ ਮਾੜਾ ਚੰਗਾ ਬੋਲਣ ਲੱਗੇ ਤੇ ਜਾਤੀ ਸੂਚਕ ਅਪਸ਼ਬਦ ਬੋਲੇ ਤੇ ਗਲ ਪਏ ਤੇ ਜਿਨ੍ਹਾਂ ਨੇ ਉਸ ਦੇ ਪਹਿਨੇ ਕੱਪੜੇ ਪਾੜ ਦਿੱਤੇ ਅਤੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



