
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 12 ਅਪ੍ਰੈਲ-ਪੰਜਾਬ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ’ਚ ਚਾਰ ਗ਼ੈਰ ਸਰਕਾਰੀ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਸਮਾਜਿਕ ਨਿਆਂ ਤੇ ਘੱਟ ਗਿਣਤੀਆਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਲਜ਼ਾਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ 11 ਡਰੀਮ ਲੈਂਡ ਕਾਲੋਨੀ ਸੰਗਰੂਰ, ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਲੱਟਣਵਾਲ ਫਿਰੋਜ਼ਪੁਰ, ਰੋਹਿਤ ਖੋਖਰ ਪੁੱਤਰ ਬਾਬੂ ਰਾਮ ਮਸੀਹ ਨਿਊ ਅਰਬਨ ਅਸਟੇਟ ਰਾਮ ਤੀਰਥ ਰੋਡ ਅੰਮ੍ਰਿਤਸਰ ਤੇ ਰੁਪਿੰਦਰ ਸਿੰਘ ਪੁੱਤਰ ਸੁਖਦਿਆਲ ਸਿੰਘ ਆਦਰਸ਼ ਨਗਰ ਬਰਨਾਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨ ’ਚ ਚੇਅਰਮੈਨ ਸਮੇਤ ਮੈਂਬਰਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਪਹਿਲਾਂ ਇਹ ਗਿਣਤੀ ਦਸ ਹੁੰਦੀ ਸੀ, ਪਰ ਸਰਕਾਰ ਨੇ ਸਾਰੇ ਕਮਿਸ਼ਨਾਂ ਸਮੇਤ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ ਘਟਾ ਕੇ ਪੰਜ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੈਂਬਰ ਨਾ ਹੋਣ ਕਰ ਕੇ ਕਮਿਸ਼ਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਡਾ ਬੀਆਰ ਅੰਬੇਡਕਰ ਦੀ ਜੈਅੰਤੀ ਤੋ ਪਹਿਲਾਂ ਚਾਰ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਪਿਛਲੇ ਮਹੀਨੇ ਹੀ ਸਰਕਾਰ ਨੇ ਜਸਵੀਰ ਸਿੰਘ ਗੜੀ ਨੂੰ ਕਮਿਸ਼ਨ ਦੇ ਚੇਅਰਮੈਨ ਲਾਇਆ ਸੀ।



