Punjab

ਐੱਸਆਈ ਵੱਲੋਂ ਮਹਿਲਾ ਨੂੰ ਕਾਰ ਨਾਲ ਦਰੜਨ ਦੀ ਕੋਸ਼ਿਸ਼, ਵੀਡੀਓ ਵਾਇਰਲ

ਕਪੂਰਥਲਾ, 4 ਅਗਸਤ : ਸੰਤਪੁਰਾ ਮੁਹੱਲੇ ਵਿਚ ਐੱਸਆਈ ਨੇ ਇਕ ਔਰਤ ਨੂੰ ਕਾਰ ਨਾਲ ਦਰੜਨ ਦੀ ਕੋਸ਼ਿਸ਼ ਕੀਤੀ, ਜਿਸਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਹ ਮਾਮਲਾ 30 ਜੁਲਾਈ ਦੀ ਸ਼ਾਮ ਦਾ ਹੈ। ਹਾਦਸੇ ਵਿਚ ਜ਼ਖ਼ਮੀ ਗੁਰਪ੍ਰੀਤ ਕੌਰ ਉਰਫ਼ ਪ੍ਰੀਤੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜ਼ਖ਼ਮੀ ਔਰਤ ਨੇ ਦੱਸਿਆ ਕਿ ਜਦੋਂ ਉਹ ਸਕੂਟਰੀ ’ਤੇ ਘਰੋਂ ਬਾਹਰ ਨਿਕਲੀ ਤਾਂ ਸਾਹਮਣੇ ਨਵਾਂ ਮਕਾਨ ਬਣਾ ਰਹੇ ਐੱਸਆਈ ਬਲਜੀਤ ਸਿੰਘ, ਜੋ ਜਲੰਧਰ ਦੇ ਕਿਸੇ ਥਾਣੇ ’ਚ ਅਧਿਕਾਰੀ ਹੈ, ਨੇ ਉਸਨੂੰ ਪਲਾਟ ’ਚ ਸੱਦਿਆ। ਉੱਥੇ ਨਿਸ਼ਾਨ ਸਿੰਘ ਵੀ ਸੀ ਤੇ ਦੋਵੇਂ ਸ਼ਰਾਬ ਪੀ ਰਹੇ ਸਨ। ਜਦੋਂ ਉਹ ਉੱਥੇ ਪੁੱਜੀ, ਤਾਂ ਬਲਜੀਤ ਸਿੰਘ ਮਾੜੀ ਸ਼ਬਦਾਵਲੀ ਬੋਲਣ ਲੱਗਾ। ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸ਼ਰਾਬ ਨਾਲ ਭਰਿਆ ਗਿਲਾਸ ਉਸਦੇ ਮੂੰਹ ‘ਤੇ ਦੇ ਮਾਰਿਆ। ਉਸਨੇ ਥਾਣਾ ਸਿਟੀ ਕਪੂਰਥਲਾ ਅਧਿਕਾਰੀ ਨੂੰ ਫ਼ੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਦੋਵੇਂ ਮੁਲਜ਼ਮ ਕਾਰ (ਪੀਬੀ 09 ਟੀ 0862) ’ਚ ਸਵਾਰ ਹੋ ਕੇ ਭੱਜਣ ਲੱਗੇ। ਜਿਸ ਵੇਲੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਗਨੀਮਤ ਰਹੀ ਕਿ ਉਸਦਾ ਚਾਰ ਸਾਲ ਦਾ ਬੱਚਾ ਵੀ ਤੇਜ਼ ਰਫਤਾਰ ਗੱਡੀ ਦੇ ਥੱਲੇ ਆਉਣ ਤੋਂ ਬਚ ਗਿਆ। ਪ੍ਰੀਤੀ ਨੇ ਦੱਸਿਆ ਕਿ ਉਹ ਪਹਿਲਾਂ ਇਕ ਇੰਸਪੈਕਟਰ ਨਾਲ ਲਿਵ-ਇਨ ਵਿਚ ਰਹਿੰਦੀ ਸੀ, ਜਿਸ ਤੋਂ ਉਸਨੂੰ ਇਕ ਪੁੱਤਰ ਵੀ ਹੈ। ਉਸਨੇ ਦੋਸ਼ ਲਾਇਆ ਕਿ ਉਸਦੀ ਮੌਤ ਤੋਂ ਬਾਅਦ ਉਕਤ ਸਬ ਇੰਸਪੈਕਟਰ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਇਸ ਸਬੰਧ ’ਚ ਜਦੋਂ ਬਲਜੀਤ ਸਿੰਘ ਨਾਲ ਫ਼ੋਨ ‘ਤੇ ਸੰਪਰਕ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ। ਡੀਐੱਸਪੀ ਦੀਪਕਰਨ ਨੇ ਕਿਹਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ’ਚ ਕਰ ਰਹੀ ਹੈ, ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button