
ਐਸ.ਐਸ.ਏ. ਨਗਰ, 9 ਫਰਵਰੀ– ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਫ਼ਤਿਹਗੜ੍ਹ ਸਾਹਿਬ ਦੇ ਨੇੜੇ ਸਥਿਤ 17ਵੀਂ ਸਦੀ ਦੀ ਵਿਰਾਸਤੀ ਜਹਾਜ਼ ਹਵੇਲੀ ਦੀ ਸੁਰੱਖਿਆ ਤੇ ਸਾਂਭ ਸੰਭਾਲ ਲਈ ਸੰਸਦ ਦੇ ਬਜਟ ਇਜਲਾਸ ਦੌਰਾਨ ਧਿਆਨ ਖਿੱਚਿਆ। ਇਸ ਹਵੇਲੀ ਨੂੰ ਸਿੱਖ ਧਰਮ ਦੀ ਮਹਾਨ ਇਤਿਹਾਸਕ ਧਰੋਹਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਹਾਜ਼ ਹਵੇਲੀ ਦਾ ਇਤਿਹਾਸਕ ਮਹੱਤਵ ਦੀਵਾਨ ਟੋਡਰ ਮੱਲ, ਜੋ ਜੈਨ ਧਰਮ ਨੂੰ ਮੰਨਣ ਵਾਲੇ ਸਨ, ਸਿੱਖ ਧਰਮ ਅਤੇ ਹਿੰਦੂ–ਸਿੱਖ ਭਾਈਚਾਰਕ ਸਾਂਝ ਦੇ ਮਹਾਨ ਪ੍ਰਤੀਕ ਸਨ। 1704 ’ਚ ਜਦੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਹੋਈ ਸੀ, ਟੋਡਰ ਮੱਲ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਆਪਣੇ ਜੀਵਨ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ। ਉਸ ਸਮੇਂ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਕੇ 4 ਵਰਗ ਮੀਟਰ ਜ਼ਮੀਨ ਖ਼ਰੀਦ ਕੇ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਥਾਂ ’ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸਥਾਪਤ ਹੈ। ਵਿਰਾਸਤੀ ਜਹਾਜ਼ ਹਵੇਲੀ ਦੀ ਮੌਜੂਦਾ ਹਾਲਤ ਵਿਰਾਸਤੀ ਜਹਾਜ਼ ਹਵੇਲੀ, ਜੋ 2 ਕਨਾਲ ਤੇ 17 ਮਰਲਿਆਂ ’ਚ ਫੈਲੀ ਹੋਈ ਹੈ, ਅੱਜ ਖ਼ਸਤਾ ਹਾਲਤ ’ਚ ਹੈ। ਇਹ ਹਵੇਲੀ ਸਾਡੇ ਇਤਿਹਾਸ ਤੇ ਸਭਿਆਚਾਰ ਦੀ ਸ਼ਾਨ ਹੈ, ਪਰ ਅਣਗਹਿਲੀ ਕਰ ਕੇ ਢਹਿੰਦੀ ਜਾ ਰਹੀ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਵੱਡੀ ਤਰਾਸਦੀ ਹੈ ਕਿ ਅਸੀਂ ਟੋਡਰ ਮੱਲ ਦੀ ਇਸ ਮਹਾਨ ਵਿਰਾਸਤ ਦੀ ਸੁਰੱਖਿਆ ਨਹੀਂ ਕਰ ਸਕੇ। ਸਿੱਖ ਧਰਮ ਦੀ ਇਤਿਹਾਸਕ ਧਰੋਹਰ ਨੂੰ ਸੁਰੱਖਿਅਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਤਨਾਮ ਸਿੰਘ ਸੰਧੂ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ 2001 ਦੇ ਭੂਚਾਲ ਤੋਂ ਬਾਅਦ ਗੁਰਦੁਆਰਾ ਲੱਖਪਤ ਸਾਹਿਬ ਦੀ ਸੰਭਾਲ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਜਹਾਜ਼ ਹਵੇਲੀ ਲਈ ਵੀ ਹੋਣੀ ਚਾਹੀਦੀ ਹੈ। ਸੰਧੂ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਸੰਸਦ ਮੈਂਬਰ ਸੰਧੂ ਨੇ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਛੇਤੀ ਕਾਰਵਾਈ ਕਰੇ ਤਾਂ ਕਿ ਇਸ ਇਤਿਹਾਸਕ ਧਰੋਹਰ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਤੇ ਭਾਈਚਾਰਕ ਸਾਂਝ ਦੇ ਮਹਾਨ ਪ੍ਰਤੀਕ ਦੀਵਾਨ ਟੋਡਰ ਮੱਲ ਦੀ ਯਾਦਗਾਰ ਨੂੰ ਬਚਾਉਣਾ ਸਾਡੇ ਲਈ ਇਕ ਨੈਤਿਕ ਜ਼ਿੰਮੇਵਾਰੀ ਹੈ। ਇਹ ਉਪਰਾਲਾ ਸਾਡੇ ਭਵਿੱਖ ਲਈ ਮਹਾਨ ਪ੍ਰੇਰਨਾ ਦਾ ਸਰੋਤ ਬਣੇਗਾ।



