
ਜਲੰਧਰ, 23 ਮਈ- ਖੁਸ਼ਹਾਲ ਜੀਵਨ ਦੀ ਭਾਲ ਤੇ ਡਾਲਰ-ਪੌਂਡ ਕਮਾਉਣ ਦੀ ਚਾਹਤ ਨੇ ਪੰਜਾਬ ਦੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਕਮਾਈ ਕਰਨ ਲਈ ਵਿਦੇਸ਼ ਜਾਣ ਦੀ ਚਾਹਤ ’ਚ ਵਿਦੇਸ਼ਾਂ ’ਚ ਗਏ ਪੰਜਾਬੀ ਉਥੋਂ ਦੇ ਹੀ ਹੋ ਕੇ ਰਹਿ ਗਏ। ਪੰਜਾਬ ਖ਼ਾਸਕਰ ਦੋਆਬੇ ਦੇ ਚਾਰ ਜ਼ਿਲ੍ਹਿਆ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੀ ਸਥਿਤੀ ਇਹ ਹੈ ਕਿ ਇਨ੍ਹਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਤਾਂ ਨਜ਼ਰ ਆਉਂਦੀਆ ਹਨ ਪਰ ਉਨ੍ਹਾਂ ਵਿਚ ਰਹਿਣ ਵਾਲਾ ਕੋਈ ਨਹੀਂ ਹੈ, ਇਨ੍ਹਾਂ ਨੂੰ ਵੱਡੇ-ਵੱਡੇ ਤਾਲੇ ਲੱਗੇ ਹੋਏ ਹਨ। ਜੇਕਰ ਕਿਸੇ ਘਰ ’ਚ ਕੋਈ ਰਹਿੰਦਾ ਵੀ ਹੈ ਤਾਂ ਉਹ ਇਕ ਜਾਂ ਦੋ ਬਜ਼ੁਰਗ ਹੀ ਹਨ ਜੋ ਆਪਣੀ ਜਨਮ ਭੂਮੀ ਛੱਡ ਕੇ ਨਹੀਂ ਜਾਣਾ ਚਾਹੁੰਦੇ। ਇਕ ਸਮਾਂ ਸੀ ਜਦੋਂ ਐੱਨਆਰਆਈਜ਼ ਪੰਜਾਬ ’ਚ ਵੱਡੀਆਂ ਕੋਠੀਆਂ ਪਾ ਕੇ ਜ਼ਮੀਨਾਂ-ਜਾਇਦਾਦਾਂ ਖਰੀਦਦੇ ਸਨ ਪਰ ਹੁਣ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬ ਵਿਚਲੀਆਂ ਜਾਇਦਾਦਾਂ ਵੇਚ-ਵੱਟ ਕੇ ਜਾ ਰਹੀਆ ਹਨ। ਦੋਆਬੇ ਦਾ ਕੋਈ ਪਿੰਡ ਅਜਿਹਾ ਹੋਵੇਗਾ, ਜਿੱਥੋਂ ਲੋਕ ਵਿਦੇਸ਼ਾਂ ਵਿਚ ਨਾ ਗਏ ਹੋਣ। ਕਈ ਪਿੰਡਾਂ ਵਿੱਚੋਂ ਲੋਕ ਆਜ਼ਾਦੀ ਤੋਂ ਪਹਿਲਾਂ ਦੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਜਾ ਕੇ ਵੱਸੇ ਹੋਏ ਹਨ ਅਤੇ ਹੁਣ ਹੋਰ ਪੱਛਮੀ ਦੇਸ਼ਾਂ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਗਏ ਤੇ ਉਥੋਂ ਦੇ ਪੱਕੇ ਨਾਗਰਿਕ ਬਣ ਚੁੱਕੇ ਹਨ। ਪਿੰਡਾਂ ਵਿਚ ਖਾਲੀ ਪਈਆ ਵਿਸ਼ਾਲ ਕੋਠੀਆਂ ਬਾਰੇ ਗੱਲਬਾਤ ਕਰਦਿਆ ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਦੇ ਵਸਨੀਕ ਕੁਲਵਿੰਦਰ ਸਿੰਘ ਕਿੰਦਾ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚੋਂ 80 ਫੀਸਦੀ ਦੇ ਕਰੀਬ ਲੋਕ ਕੈਨੇਡਾ, ਅਮਰੀਕਾ, ਇਟਲੀ, ਇੰਗਲੈਂਡ, ਜਰਮਨ ਤੇ ਹੋਰ ਪੱਛਮੀ ਦੇਸ਼ਾਂ ’ਚ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕਈ ਪਰਿਵਾਰ ਅਜਿਹੇ ਹਨ ਜੋ ਕਿ 7-8 ਦਹਾਕੇ ਪਹਿਲਾਂ ਪਰਵਾਸ ਕਰ ਕੇ ਗਏ ਹੋਏ ਹਨ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਬਾਰੇ ਪਿੰਡ ਦੀ ਅਗਲੀ ਪੀੜ੍ਹੀ ਨੂੰ ਕੋਈ ਜਾਣਕਾਰੀ ਵੀ ਨਹੀਂ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਬੀਹੀਂ ਦੇ ਕਈ ਘਰਾਂ ਨੂੰ ਤਾਲੇ ਵੱਜੇ ਹੋਏ ਹਨ ਤੇ ਇਸੇ ਤਰ੍ਹਾਂ ਦੇ ਪਿੰਡ 50 ਫੀਸਦੀ ਘਰ ਤਾਂ ਪੂਰੀ ਤਰ੍ਹਾਂ ਬੰਦ ਪਏ ਹਨ, ਜਿੱਥੋਂ ਦੇ ਪਰਿਵਾਰ ਸਾਲ ਜਾਂ ਦੋ ਸਾਲ ਬਾਅਦ ਹੀ ਗੇੜਾ ਮਾਰਦੇ ਹਨ। ਇਸ ਤੋਂ ਇਲਾਵਾ 30 ਫੀਸਦੀ ਘਰ ਅਜਿਹੇ ਹਨ, ਜਿਨ੍ਹਾਂ ’ਚ ਸਿਰਫ ਇਕ ਜਾਂ ਦੋ ਬਜ਼ੁਰਗ ਰਹਿ ਰਹੇ ਹਨ। ਪਿੰਡ ਦੇ ਸਰਪੰਚ ਗੁਰਦਿਆਲ ਸਿੰਘ ਜੋ ਕਿ ਖੁਦ ਵੀ ਇਕੱਲੇ ਹੀ ਰਹਿੰਦੇ ਹਨ, ਕਹਿਣਾ ਹੈ ਕਿ ਉਨ੍ਹਾਂ ਦੇ ਦੋ ਭਰਾ ਤੇ ਪਰਿਵਾਰ ਵੀ ਕੈਨੇਡਾ ਵਿਚ ਹੀ ਰਹਿੰਦਾ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਦੀ ਜਨਗਣਨਾ 2011 ’ਚ ਹੋਈ ਸੀ। ਇਸ ਲਈ ਮੌਜੂਦਾ ਸਮੇਂ ਜਨ-ਸੰਖਿਆ ਦਾ ਅੰਕੜਾ ਤਾਂ ਨਹੀਂ ਹੈ ਪਰ ਅੰਦਾਜ਼ਨ 5000 ਦੇ ਕਰੀਬ ਲੋਕ ਰਹਿੰਦੇ ਹਨ। ਪਿੰਡ ’ਚ 2300 ਦੇ ਕਰੀਬ ਵੋਟਾਂ ਹਨ। ਇਨ੍ਹਾਂ ਵਿਚ ਪਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਪਿੰਡ ਦੇ 11 ਵਾਰਡ ਹਨ, ਜਿਨ੍ਹਾਂ ਤੋਂ 11 ਪੰਚ ਚੁਣੇ ਹੋਏ ਹਨ।



