Punjab

ਇੱਕ ਕਿੱਲੋ ਆਈਸ ਡਰੱਗ ਤੇ ਡਰੱਗ ਮਨੀ ਸਣੇ ਦੋ ਗ੍ਰਿਫ਼ਤਾਰ

ਅਟਾਰੀ, 2 ਮਾਰਚ- ਥਾਣਾ ਮੁਖੀ ਘਰਿੰਡਾ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ ਇੱਕ ਕਿਲ੍ਹੋ ਆਇਸ 1 ਲੱਖ 40 ਹਜ਼ਾਰ ਦੀ ਡਰੱਗ ਮਨੀ ਤੇ ਇਕ ਮੋਟਰਸਾਇਕਲ ਸਮੇਤ ਗ੍ਰਿਫਤਾਰ ਕੀਤਾ। ਇਸ ਮੌਕੇ ਥਾਣਾ ਘਰਿੰਡਾ ਦੇ ਮੁਖੀ ਅਮਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਮੁਖਬਰ ਖਾਸ ਵਲੋਂ ਸੂਚਨਾ ਮਿਲੀ ਸੀ ਕਿ ਜਗਤਾਰ ਸਿੰਘ ਅਤੇ ਅੰਗਰੇਜ਼ ਸਿੰਘ ਦੋਂਵੇ ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਕਰਦੇ ਹਨ ਤੇ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਈਸ ਡਰੱਗ ਸਮੇਤ ਹੈਰੋਇਨ ਮੰਗਵਾ ਕੇ ਪੰਜਾਬ ਵਿਚ ਵੱਖ-ਵੱਖ ਜਗ੍ਹਾ ’ਤੇ ਸਪਲਾਈ ਕਰਦੇ ਹਨ। ਮੁਖਬਰ ਨੇ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਜਣੇ ਇਲਾਕੇ ਵਿਚ ਆਪਣੇ ਗ੍ਰਾਹਕਾਂ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਬਿਨ੍ਹਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕਿ ਪਿੰਡ ਚਵਿੰਡਾ ਕਲਾਂ ਤੋਂ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਪਿੰਡ ਵਣੀਏਕੇ, ਰਣੀਕੇ ਤੋਂ ਹੁੰਦੇ ਪਿੰਡ ਮੁਹਾਵਾ ਨੂੰ ਜਾਣਾ ਹੈ, ਜੇ ਇਨ੍ਹਾਂ ਤੇ ਮੌਕਾ ਰਹਿੰਦਿਆ ਕਾਰਵਾਈ ਕੀਤੀ ਜਾਵੇ ਤਾਂ ਨਸ਼ੇ ਦੀ ਬਰਾਮਦਗੀ ਹੋ ਸਕਦੀ ਹੈ। ਥਾਣਾ ਘਰਿੰਡਾ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁੁਲਿਸ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰਣਗੜ੍ਹ ਦੇ ਸਾਹਮਣੇ ਜੀਟੀ ਰੋਡ ਤੋਂ ਮੋੜ ਮੁਹਾਵਾ ‘ਤੇ ਖ਼ੁਫ਼ੀਆ ਨਾਕਾਬੰਦੀ ਦੌਰਾਨ ਬਿਨਾਂ ਨੰਬਰੀ ਸ਼ੱਕੀ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੂੰ ਰਣਗੜ੍ਹ ਮੋੜ ਤੋਂ ਪਿੰਡ ਮੁਹਾਵਾ ਨੂੰ ਮੁੜੇ ਤਾਂ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆ ਹੋਇਆ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਪੁਲਿਸ ਪਾਰਟੀ ਨੂੰ ਵੇਖ ਕੇ ਜਦੋਂ ਉਹ ਵਾਪਸ ਭੱਜਣ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਜਿਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਉਨ੍ਹਾਂ ਕੋਲੋਂ ਮੁੱਢਲੀ ਪੁੱਛ ਪੜਤਾਲ ਕੀਤੀ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਪਿੱਛੇ ਬੈਠੇ ਤਸਕਰ ਨੇ ਆਪਣਾ ਨਾਂ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕੁਰਾਲੀਆ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੀਆਂ ਜੇਬਾਂ ਵਿਚੋਂ ਪੀਲੇ ਰੰਗ ਦੀਆ ਟੇਪਾਂ ਵਿਚ ਲਪੇਟੇ ਹੋਏ ਪੈਕਟਾਂ ਸਮੇਤ ਇਕ ਲੱਖ 40 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ। ਜਦੋਂ ਪੈਕਟਾਂ ਨੂੰ ਖੋਲ੍ਹ ਕੇ ਵੇਖਿਆ ਅਤੇ ਵਜ਼ਨ ਕੀਤਾ ਤਾਂ ਉਨ੍ਹਾਂ ਵਿਚੋਂ ਇੱਕ ਕਿਲ੍ਹੋ ਆਇਸ ਡਰੱਗ ਬਰਾਮਦ ਕੀਤੀ ਗਈ। ਦੋਵਾਂ ਤਸਕਰਾਂ ਵਿਰੁੱਧ ਥਾਣਾ ਘਰਿੰਡਾ ਵਿਖੇ ਐਨਡੀਪੀਐਸ ਧਾਰਾ ਹੇਠ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਵੇਂ ਤਸਕਰਾਂ ਦੇ ਅਗਲੇ ਪਿਛਲੇ ਲਿੰਕਾਂ ਬਾਰੇ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ। ਜੇ ਹੋਰ ਵੀ ਕਿਸੇ ਤਸਕਰ ਦੀ ਸ਼ਮੂਲੀਅਤ ਪਾਈ ਜਾਵੇਗੀ ਤਾਂ ਉਸ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button