ਇੱਕਲੇ ਰਹਿੰਦੇ ਵਿਅਕਤੀ ਦੀ ਖੂਨ ਨਾਲ ਲੱਥਪਥ ਮਿਲੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ; ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਲੁਧਿਆਣਾ, 16 ਜੂਨ : ਸਲੇਮ ਟਾਬਰੀ ਇਲਾਕੇ ਵਿੱਚ ਪੈਂਦੇ ਸਰੂਪ ਨਗਰ ਮਹੱਲੇ ਵਿੱਚ ਸੋਮਵਾਰ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਤੇ ਦਿੱਤੀ ਗਈ, ਜਿਸ ਤੋਂ ਬਾਅਦ ਚੰਦ ਮਿੰਟਾਂ ਚ ਮੌਕੇ ਤੇ ਪਹੁੰਚੀ ਥਾਣਾ ਸਲੇਮ ਟਾਬਰੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਆਸ ਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਦੱਸਣ ਮੁਤਾਬਿਕ ਰਕੇਸ਼ ਸ਼ਰਮਾ ਉਰਫ ਲੱਕੀ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਜੋ ਕਿ ਤਿੰਨ ਚਾਰ ਦਿਨ ਤੋਂ ਬਾਹਰ ਨਹੀਂ ਨਿਕਲਿਆ ਤੇ ਅੱਜ ਇਲਾਕੇ ਵਿੱਚ ਬਦਬੂ ਫੈਲਣ ਕਾਰਨ ਜਦੋਂ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਘਰ ਦੇ ਵਿਹੜੇ ਵਿੱਚ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਲਹੂ ਲਹਾਣ ਹੋਈ ਪਈ ਸੀ। ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਲਾਕੇ ਵਿੱਚੋਂ ਲਾਸ਼ ਮਿਲਣ ਦੀ ਖਬਰ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟਜ ਵੀ ਖੰਗਾਲੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ, ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।



