
ਬਠਿੰਡਾ, 16 ਜੁਲਾਈ : ਜ਼ਿਲ੍ਹੇ ਦੇ ਪਿੰਡ ਲੱਖੀ ਜੰਗਲ ਦੇ ਨੌਜਵਾਨ ਦੀ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇਣ ਨਾਲ ਹੋਈ ਮੌਤ ਦੇ ਮਾਮਲੇ ’ਚ ਅੱਜ ਫਿਰ ਸੀਆਈਏ ਸਟਾਫ ਬਠਿੰਡਾ ਦੇ ਤਤਕਾਲੀ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜੇ ਪੁਲਿਸ ਮੁਲਾਜ਼ਮ ਅਦਾਲਤ ’ਚ ਪੇਸ਼ ਨਹੀਂ ਹੋਏ। 11 ਜੁਲਾਈ ਨੂੰ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇੰਸਪੈਕਟਰ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਸੀ ਅਤੇ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਅਦਾਲਤ ’ਚ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਅਦਾਲਤ ਨੇ ਪੁਲਿਸ ਮੁਲਾਜ਼ਮਾਂ ਨੂੰ ਕਈ ਵਾਰ ਸੰਮਨ ਜਾਰੀ ਕੀਤੇ, ਪਰ ਉਹ ਬਿਨਾਂ ਤਾਮੀਲ ਹੋਏ ਵਾਪਸ ਆਉਂਦੇ ਰਹੇ। ਇਸ ਮਗਰੋਂ ਅਦਾਲਤ ਨੇ ਇੰਸਪੈਕਟਰ ਨਵਪ੍ਰੀਤ ਸਿੰਘ ਦੇ ਵਾਰੰਟ ਜਾਰੀ ਕੀਤੇ ਸਨ, ਪਰ ਇਸ ਦੇ ਬਾਵਜੂਦ ਉਹ ਜੈਤੋ ਥਾਣੇ ’ਚ ਐੱਸਐੱਚਓ ਦੀ ਡਿਊਟੀ ਕਰਦਾ ਰਿਹਾ। ਅਸਲ ’ਚ ਇਹ ਪੰਜੇ ਪੁਲਿਸ ਮੁਲਾਜ਼ਮ 27 ਫਰਵਰੀ 2025 ਤੋਂ ਲਗਾਤਾਰ ਅਦਾਲਤ ’ਚ ਪੇਸ਼ ਨਹੀਂ ਹੋ ਰਹੇ। ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਪਿੰਡ ਲੱਖੀ ਜੰਗਲ ਦੇ ਭਿੰਦਰ ਸਿੰਘ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਸੀ। ਇਸ ਦੌਰਾਨ ਹੀ ਸੀਆਈਏ ਸਟਾਫ ’ਚ ਤਸ਼ੱਦਦ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਮਗਰੋਂ 18 ਅਕਤੂਬਰ 2024 ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਦੋਸ਼ ਲਾ ਕੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਫਿਰੋਜ਼ਪੁਰ ਜੇਲ੍ਹ ’ਚ ਬੰਦ ਭਿੰਦਰ ਸਿੰਘ ਦੇ ਭਰਾ ਨੇ ਉਥੋਂ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਪੱਤਰ ਲਿਖ ਕੇ ਆਪਣੇ ਭਰਾ ਨੂੰ ਸੀਆਈਏ ਸਟਾਫ ਵੱਲੋਂ ਨਾਜਾਇਜ਼ ਹਿਰਾਸਤ ’ਚ ਰੱਖਣ ਤੇ ਤਸੀਹੇ ਦੇਣ ਦੀ ਸ਼ਿਕਾਇਤ ਕੀਤੀ ਸੀ। ਉਕਤ ਸ਼ਿਕਾਇਤ ਦੀ ਕਾਪੀ ਫਿਰੋਜ਼ਪੁਰ ਦੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਬਠਿੰਡਾ ਦੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਭੇਜ ਦਿੱਤੀ ਗਈ, ਜਿਨ੍ਹਾਂ ਜਾਂਚ ਲਈ ਇਲਾਕਾ ਮੈਜਿਸਟ੍ਰੇਟ ਕੁਲਦੀਪ ਸਿੰਘ ਦੀ ਡਿਊਟੀ ਲਗਾਈ ਸੀ। ਜਾਂਚ ਦੌਰਾਨ ਜੱਜ ਕੁਲਦੀਪ ਸਿੰਘ ਨੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਤੇ ਇਸ ਘਟਨਾ ਨੂੰ ਅਖਬਾਰਾਂ ’ਚ ਪ੍ਰਕਾਸ਼ਿਤ ਕਰਨ ਵਾਲੇ ਤਿੰਨ ਪੱਤਰਕਾਰਾਂ ਦੇ ਬਿਆਨ ਵੀ ਦਰਜ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਰਿਪੋਰਟ ਜਾਰੀ ਕਰਦਿਆਂ ਖੁਲਾਸਾ ਕੀਤਾ ਸੀ ਕਿ ਭਿੰਦਰ ਸਿੰਘ ਦੀ ਵਾਟਰਬੋਰਡਿੰਗ ਵਰਗੇ ਤਸੀਹੇ ਦੇਣ ਨਾਲ ਮੌਤ ਹੋਈ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਸੀ ਕਿ ਪੁਲਿਸ ਨੇ ਮੌਤ ਤੋਂ ਬਾਅਦ ਖੁਦਕੁਸ਼ੀ ਦਾ ਰੂਪ ਦੇਣ ਲਈ ਨੌਜਵਾਨ ਦੀ ਲਾਸ਼ ਨੂੰ ਬਠਿੰਡਾ ਦੀਆਂ ਝੀਲਾਂ ’ਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਥਾਣਾ ਥਰਮਲ ’ਚ ਇਸ ਸਬੰਧੀ ਦੋ ਝੂਠੀਆਂ ਡੀਡੀਆਰ ਦਰਜ ਕੀਤੀਆਂ ਗਈਆਂ ਸਨ। ਅਦਾਲਤ ਨੇ ਨਵਪ੍ਰੀਤ ਸਿੰਘ ਤੋਂ ਇਲਾਵਾ ਉਸ ਵੇਲੇ ਚਾਰ ਹੋਰ ਸਾਥੀਆਂ ਨੂੰ ਹਿਰਾਸਤੀ ਕਤਲ ਤੇ ਸਬੂਤ ਮਿਟਾਉਣ ਦੇ ਦੋਸ਼ ਹੇਠ ਕੇਸ ਚਲਾ ਲਿਆ ਸੀ। ਇਲਾਕਾ ਮੈਜਿਸਟ੍ਰੇਟ ਕੁਲਦੀਪ ਸਿੰਘ ਨੇ ਪੰਜੇ ਮੁਲਜ਼ਮਾਂ ਨੂੰ 27 ਫਰਵਰੀ 2025 ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਉਸ ਸਮੇਂ ਤੋਂ ਹੀ ਪੰਜੇ ਮੁਲਜ਼ਮ ਅਦਾਲਤ ’ਚ ਪੇਸ਼ ਹੋਣ ਤੋਂ ਟਾਲਾ ਵਟਦੇ ਆ ਰਹੇ ਹਨ। ਅੱਜ ਇਲਾਕਾ ਮੈਜਿਸਟ੍ਰੇਟ ਰਸ਼ਲੀਨ ਕੌਰ ਦੀ ਅਦਾਲਤ ’ਚ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ, ਪਰ ਪੰਜੇ ਪੁਲਿਸ ਮੁਲਜ਼ਮ ਅਦਾਲਤ ’ਚ ਪੇਸ਼ ਨਹੀਂ ਹੋਏ। ਹੁਣ ਅਦਾਲਤ ਨੇ ਉਨ੍ਹਾਂ ਨੂੰ 30 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।



