ਇੰਸਪਾਇਰ ਮਾਣਕ ਐਵਾਰਡ ਲਈ ਰਜਿਸਟ੍ਰੇਸ਼ਨ ਸ਼ੁਰੂ, ਛੇਵੀਂ ਤੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਵੀਨਤਾ ਦਾ ਮੌਕਾ, ਇਹ ਹੈ ਆਖਰੀ ਤਾਰੀਕ

ਐੱਸਏਐੱਸ ਨਗਰ, 7 ਜੁਲਾਈ : ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਨਵੀਨਤਮ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਇੰਸਪਾਇਰ ਮਾਣਕ ਐਵਾਰਡ ਮੁਕਾਬਲੇ 2025-26 ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜੋ 15 ਸਤੰਬਰ ਤੱਕ ਜਾਰੀ ਰਹੇਗੀ। ਇਹ ਮੁਕਾਬਲਾ ਕੇਂਦਰੀ ਵਿਗਿਆਨ ਅਤੇ ਤਕਨੀਕੀ ਵਿਭਾਗ ਅਤੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਆਪਣੇ ਨਵੇਂ ਆਈਡੀਆ ’ਤੇ ਆਧਾਰਿਤ ਮਾਡਲ ਤਿਆਰ ਕਰਨਾ ਹੁੰਦਾ ਹੈ, ਜਿਸ ਲਈ ਕੇਂਦਰ ਸਰਕਾਰ ਵੱਲੋਂ ਪ੍ਰਤੀ ਮਾਡਲ ₹10,000 ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਸਕੂਲ ਅਧਿਆਪਕ ਵਿਦਿਆਰਥੀਆਂ ਦੀ ਪੂਰੀ ਮਦਦ ਕਰਦੇ ਹਨ। ਰਜਿਸਟ੍ਰੇਸ਼ਨ ਸਮੇਂ ਵਿਦਿਆਰਥੀ ਨੂੰ ਆਪਣਾ ਆਈਡੀਆ ਆਨਲਾਈਨ ਸਾਂਝਾ ਕਰਨਾ ਪੈਂਦਾ ਹੈ। ਇਸ ਤੋ ਬਾਅਦ ਆਈਡੀਆ ਚੁਣੇ ਜਾਣ ’ਤੇ ਉਨ੍ਹਾਂ ਨੂੰ ਮਾਡਲ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ। ਰਾਜ ਵਿੱਚ ਐੱਸਸੀਈਆਰਟੀ ਇਸ ਮੁਕਾਬਲੇ ਦਾ ਪ੍ਰਬੰਧਨ ਕਰਦਾ ਹੈ। ਮੁਕਾਬਲੇ ਲਈ ਰਾਜ ਤੋ ਅਰਜ਼ੀਆਂ ਦੀ ਗਿਣਤੀ ਵਧਾਉਣ ਲਈ ਐੱਸਸੀਈਆਰਟੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ ਰਾਹੀਂ ਇੰਸਪਾਇਰ ਐਵਾਰਡ ਮੁਕਾਬਲੇ ਬਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਅਧਿਆਪਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਵੀਂ ਨਵੀਨਤਾ ਬਾਰੇ ਸੋਚਣ ਲਈ ਪ੍ਰੇਰਿਤ ਕਰਨ। ਹਰ ਸਕੂਲ ਵਿੱਚ ਆਈਡੀਆ ਬਾਕਸ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਚੁਣੇ ਹੋਏ ਆਈਡੀਆ ’ਤੇ ਮਾਡਲ ਬਣਾਏ ਜਾ ਸਕਦੇ ਹਨ। ਇੰਸਪਾਇਰ ਐਵਾਰਡ ਦੀ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਉਸ ਤੋਂ ਬਾਅਦ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਹੋਵੇਗੀ। ਰਾਸ਼ਟਰੀ ਮੁਕਾਬਲੇ ਵਿੱਚ ਦੇਸ਼ ਦੇ ਸਰਬੋਤਮ 60 ਮਾਡਲਾਂ ਦੀ ਚੋਣ ਕੀਤੀ ਜਾਵੇਗੀ। ਐੱਸਸੀਈਆਰਟੀ ਨੇ ਸਕੂਲ ਪ੍ਰਿੰਸੀਪਲਾਂ ਨੂੰ 15 ਸਤੰਬਰ ਤੋ ਪਹਿਲਾਂ ਅਰਜ਼ੀਆਂ ਭੇਜਣ ਲਈ ਕਿਹਾ ਹੈ।



