Punjab
ਇੰਤਜ਼ਾਰ ਖ਼ਤਮ ! ਪੰਜਾਬ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ
95.61% ਵਿਦਿਆਰਥੀ ਪਾਸ; pseb.ac.in 'ਤੇ ਚੈੱਕ ਕਰੋ ਨਤੀਜਾ

ਐੱਸ.ਏ.ਐੱਸ ਨਗਰ, 16 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 16 ਮਈ ਨੂੰ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ। ਕੁੱਲ 2,77,746 ਵਿਦਿਆਰਥੀਆਂ ਵਿਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤ 95.61% ਰਿਹਾ। ਇਸ ਸਾਲ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਲੜਕੀਆਂ ਦਾ ਕਬਜ਼ਾ ਰਿਹਾ। ਫ਼ਰੀਦਕੋਟ ਦੀ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰ ਦੀਪ ਕੌਰ ਨੇ 650 ਵਿਚੋਂ 650 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦ ਕਿ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ਤੇ ਰਹੀ। ਇਨਾ ਤਿੰਨਾਂ ਲੜਕੀਆਂ ਨੇ 650 ਵਿਚੋਂ 650 ਅੰਕ ਪ੍ਰਾਪਤ ਕੀਤੇ। ਸਭ ਦੇ ਇਕੋ ਜਿਹੇ ਨੰਬਰ ਆਉਣ ਤੇ ਉਨ੍ਹਾਂ ਦੀ ਉਮਰ ਦੇ ਵਰਗ ਅਨੁਸਾਰ ਕ੍ਰਮਵਾਰ ਉਨ੍ਹਾਂ ਨੂੰ ਪੁਜ਼ੀਸ਼ਨਾਂ ਹਾਸਿਲ ਹੋਈਆਂ। ਲੜਕੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.85% ਪਾਸ ਪ੍ਰਤੀਸ਼ਤ ਹਾਸਲ ਕੀਤਾ, ਜੋ ਕਿ ਲੜਕਿਆਂ ਵੱਲੋਂ 95.61% ਦੀ ਤੁਲਨਾ ਵਿਚ ਵਧੀਆ ਪ੍ਰਦਰਸ਼ਨ ਦਰਸਾਉਂਦਾ ਹੈ। ਇਸ ਦੇ ਨਾਲ ਹੀ ਨਗਰ ਅਤੇ ਪਿੰਡ ਖੇਤਰਾਂ ਵਿਚ ਵੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਪਿੰਡ ਖੇਤਰਾਂ ਵਿਚ ਪਾਸ ਪ੍ਰਤੀਸ਼ਤ 96.09% ਅਤੇ ਨਗਰ ਖੇਤਰਾਂ ਵਿਚ 94.71% ਰਿਹਾ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਕ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਰੋਲ ਨੰਬਰ ਦਰਜ ਕਰਕੇ ਦੇਖ ਸਕਦੇ ਹਨ।




