
ਜਲੰਧਰ, 26 ਅਕਤੂਬਰ : ਇੰਟਰਨੈੱਟ ਮੀਡੀਆ ’ਤੇ ਜ਼ਿਆਦਾ ਸਮਾਂ ਬਿਤਾਉਣਾ ਤੇ ਵੀਡੀਓ ਬਣਾਉਣਾ ਹਰ ਕਿਸੇ ਦਾ ਸ਼ੌਕ ਬਣ ਗਿਆ ਹੈ ਪਰ ਇਹੀ ਸ਼ੌਕ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਰਿਹਾ ਹੈ। ਇਸ ਕਾਰਨ ਪਤੀ-ਪਤਨੀ ਦੇ ਰਿਸ਼ਤਿਆਂ ’ਚ ਤਰੇੜਾਂ ਆ ਰਹੀਆਂ ਹਨ ਤੇ ਘਰ ਟੁੱਟ ਰਹੇ ਹਨ। ਪਤੀ ਜਾਂ ਪਤਨੀ ’ਚੋਂ ਕਿਸੇ ਇਕ ਦਾ ਘੰਟਿਆਂ ਤੱਕ ਮੋਬਾਈਲ ’ਤੇ ਰੁੱਝੇ ਰਹਿਣਾ, ਵੀਡੀਓ ਬਣਾਉਣਾ ਜਾਂ ਹੋਰਾਂ ਦੀਆਂ ਪੋਸਟਾਂ ’ਤੇ ਸਮਾਂ ਬਿਤਾਉਣਾ ਆਪਸੀ ਭਰੋਸੇ ਨੂੰ ਕਮਜ਼ੋਰ ਕਰ ਰਿਹਾ ਹੈ। ਸੋਸ਼ਲ ਮੀਡੀਆ ਦਾ ਵੱਧਦਾ ਰੁਝਾਨ ਵਿਅਕਤੀ ਨੂੰ ਖਿਆਲੀ ਦੁਨੀਆ ’ਚ ਤਾਂ ਸਰਗਰਮ ਰੱਖਦਾ ਹੈ ਪਰ ਅਸਲੀ ਜ਼ਿੰਦਗੀ ਤੋਂ ਦੂਰ ਕਰ ਦਿੰਦਾ ਹੈ। ਪਰਿਵਾਰ ਨਾਲ ਸਮਾਂ ਬਿਤਾਉਣ ਦੀ ਬਜਾਏ ਆਨਲਾਈਨ ਦਿਖਾਵੇ ਦੀ ਦੁਨੀਆ ’ਚ ਗੁਆਚ ਜਾਣ ਨਾਲ ਪਰਿਵਾਰਕ ਰਿਸ਼ਤੇ ਖ਼ਤਮ ਹੋ ਰਹੇ ਹਨ। ਕਈ ਮਾਮਲੇ ਤਾਂ ਝਗੜਿਆਂ, ਮਨ-ਮੁਟਾਅ ਤੋਂ ਤਲਾਕ ਤੱਕ ਪੁੱਜ ਰਹੇ ਹਨ। ਪਿਛਲੇ ਕਈ ਮਹੀਨਿਆਂ ਦੌਰਾਨ ਸ਼ਹਿਰ ਦੇ ਥਾਣਿਆਂ ’ਚ ਅਜਿਹੀਆਂ ਕਈ ਸ਼ਿਕਾਇਤਾਂ ਦਰਜ ਹੋਈਆਂ ਹਨ। ਕਈ ਮਾਮਲਿਆਂ ’ਚ ਕੌਂਸਲਿੰਗ ਵੀ ਹੋਈ ਪਰ ਰੀਲ ਬਣਾਉਣ ਜਾਂ ਇੰਟਰਨੈੱਟ ਮੀਡੀਆ ’ਤੇ ਸਰਗਰਮ ਰਹਿਣ ਦੀ ਆਦਤ ਨਹੀਂ ਗਈ, ਜਿਸ ਕਾਰਨ ਘਰ ਟੁੱਟ ਗਏ। ਪ੍ਰਿਥਵੀ ਨਗਰ ਦੀ ਰਹਿਣ ਵਾਲੀ (ਕਾਲਪਨਿਕ ਨਾਮ) ਪੂਜਾ ਦੀ ਸੱਤ ਸਾਲ ਪਹਿਲਾਂ ਕਿਸ਼ਨਪੁਰਾ ਦੇ ਇਕ ਨੌਜਵਾਨ ਨਾਲ ਦੋਸਤੀ ਹੋਈ। ਦੋਵਾਂ ਨੇ ਪਰਿਵਾਰ ਖ਼ਿਲਾਫ਼ ਜਾ ਕੇ ਲਵ ਮੈਰਿਜ ਕਰ ਲਈ। ਪਤਨੀ ਨੂੰ ਇੰਟਰਨੈੱਟ ’ਤੇ ਰੀਲ ਬਣਾਉਣ ਦਾ ਸ਼ੌਕ ਸੀ ਤੇ ਉਹ ਹਰ ਰੋਜ਼ ਰੀਲ ਬਣਾ ਕੇ ਪੋਸਟ ਕਰਦੀ ਸੀ। ਵਿਆਹ ਦੇ ਦੂਜੇ ਸਾਲ ਪੁੱਤਰ ਹੋਇਆ ਪਰ ਉਸ ਦਾ ਸ਼ੌਕ ਘਟਿਆ ਨਹੀਂ। ਰਿਸ਼ਤੇਦਾਰਾਂ ਤੇ ਹੋਰ ਲੋਕਾਂ ਵੱਲੋਂ ਆਉਣ ਵਾਲੇ ਕੁਮੈਂਟ ਪਤੀ ਨੂੰ ਪਸੰਦ ਨਹੀਂ ਸੀ। ਪਤੀ ਨੇ ਕਈ ਵਾਰ ਸਮਝਾਇਆ ਪਰ ਪਤਨੀ ਨਹੀਂ ਮੰਨੀ ਤੇ ਝਗੜੇ ਸ਼ੁਰੂ ਹੋ ਗਏ। ਇਕ ਦਿਨ ਗੱਲ ਇੰਨੀ ਵੱਧ ਗਈ ਕਿ ਪਤੀ ਨੇ ਕੁੱਟਮਾਰ ਕਰ ਕੇ ਪਤਨੀ ਨੂੰ ਘਰੋਂ ਕੱਢ ਦਿੱਤਾ। ਪਤਨੀ ਪੇਕੇ ਚਲੀ ਗਈ ਤੇ ਉਥੋਂ ਥਾਣਾ ਰਾਮਾਮੰਡੀ ’ਚ ਸ਼ਿਕਾਇਤ ਦਿੱਤੀ। ਪੁਲਿਸ ਤੇ ਦੋਵਾਂ ਪਰਿਵਾਰਾਂ ਨੇ ਕੌਂਸਲਰ ਦੀ ਮੌਜੂਦਗੀ ’ਚ ਦੋਵਾਂ ਨੂੰ ਬਿਠਾ ਕੇ ਸਮਝਾਇਆ, ਜਿਸ ਤੋਂ ਬਾਅਦ ਉਹ ਮੁੜ ਇਕੱਠੇ ਰਹਿਣ ਲੱਗੇ। ਪਰ ਰੀਲ ਬਣਾਉਣ ਦੀ ਆਦਤ ਨਹੀਂ ਗਈ ਤੇ ਫਿਰ ਝਗੜੇ ਸ਼ੁਰੂ ਹੋ ਗਏ, ਜੋ ਤਲਾਕ ਤੱਕ ਪੁੱਜ ਗਏ। ਬਲਦੇਵ ਨਗਰ ਦੇ ਰਹਿਣ ਵਾਲੇ (ਕਾਲਪਨਿਕ ਨਾਮ) ਰਾਹੁਲ ਦੀ ਪੰਜ ਸਾਲ ਪਹਿਲਾਂ ਬਸਤੀ ਬਾਵਾ ਖੇਲ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਉਸ ਦੀ ਪਤਨੀ ਨੇ ਪਤੀ ਦੇ ਦੋਸਤਾਂ ਤੇ ਗੁਆਂਢ ਦੇ ਲੜਕਿਆਂ ਨੂੰ ਆਈਡੀ ’ਚ ਐਡ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪਤੀ ਦਾ ਪਹਿਲਾਂ ਦੋਸਤਾਂ ਨਾਲ ਝਗੜਾ ਹੋਇਆ ਕਿ ਉਨ੍ਹਾਂ ਨੇ ਰਿਕੂਐਸਟ ਕਿਉਂ ਭੇਜੀ ਪਰ ਪਤਨੀ ਨੂੰ ਕੁਝ ਨਹੀਂ ਕਿਹਾ। ਫਾਲੋਅਰ ਵਧਾਉਣ ਦੇ ਚੱਕਰ ’ਚ ਪਤਨੀ ਨੇ ਬਿਨਾਂ ਜਾਣ-ਪਛਾਣ ਵਾਲਿਆਂ ਨੂੰ ਵੀ ਐਡ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਦੋਵਾਂ ’ਚ ਝਗੜੇ ਹੋਣ ਲੱਗੇ। ਪਰਿਵਾਰ ਨੇ ਸਮਝਾਇਆ ਪਰ ਇਕ ਦਿਨ ਪਤੀ ਨੇ ਸ਼ੱਕ ਕਾਰਨ ਝਗੜੇ ਦੌਰਾਨ ਗੁੱਸੇ ’ਚ ਆ ਕੇ ਪਤਨੀ ਦਾ ਮੋਬਾਈਲ ਤੋੜ ਦਿੱਤਾ। ਪਤਨੀ ਗੁੱਸੇ ’ਚ ਪੇਕੇ ਚਲੀ ਗਈ ਤੇ ਡੇਢ ਸਾਲ ਤੋਂ ਵਾਪਸ ਨਹੀਂ ਆਈ। ਪਤੀ ਵੀ ਉਸ ਨੂੰ ਲੈਣ ਨਹੀਂ ਗਿਆ ਤੇ ਦੋਵਾਂ ਅੱਜ ਤੱਕ ਵੱਖ-ਵੱਖ ਰਹਿ ਰਹੇ ਹਨ। — ਮਕਸੂਦਾਂ ਦੀ ਰਹਿਣ ਵਾਲੀ (ਕਾਲਪਨਿਕ ਨਾਮ) ਸੋਨੀਆ ਦੀ ਲਗਪਗ 10 ਸਾਲ ਪਹਿਲਾਂ ਨੂਰਮਹਿਲ ਨੇੜੇ ਪਿੰਡ ’ਚ ਵਿਆਹ ਹੋਇਆ। ਦੋ ਬੱਚੇ ਹੋਏ। ਉਸ ਦਾ ਪਤੀ ਕਰਿਆਨੇ ਦੀ ਦੁਕਾਨ ਕਰਦਾ ਸੀ ਤੇ ਸਵੇਰੇ ਜਲਦੀ ਦੁਕਾਨ ’ਤੇ ਚਲਾ ਜਾਂਦਾ ਸੀ। ਸੋਨੀਆ ਪਤੀ ਦੇ ਕੰਮ ’ਤੇ ਜਾਣ ਤੋਂ ਬਾਅਦ ਘਰ ’ਚ ਦਿਨ ਭਰ ਮੋਬਾਈਲ ’ਚ ਸੋਸ਼ਲ ਮੀਡੀਆ ’ਤੇ ਰੁੱਝੀ ਰਹਿੰਦੀ ਸੀ। ਬੱਚਿਆਂ ਦੇ ਸਕੂਲੋਂ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਮਾਂ ਨਹੀਂ ਦਿੰਦੀ ਸੀ। ਬੱਚਿਆਂ ਦੇ ਨੰਬਰ ਘਟਣ ਤੇ ਖਾਣਾ ਬਣਾਉਣ ਸਮੇਂ ਮੋਬਾਈਲ ਚਲਾਉਣ ਕਾਰਨ ਦੋਵਾਂ ’ਚ ਝਗੜੇ ਹੋਣ ਲੱਗੇ। ਇਕ ਦਿਨ ਝਗੜੇ ਤੋਂ ਤੰਗ ਆ ਕੇ ਸੋਨੀਆ ਮਾਪਿਆਂ ਦੇ ਘਰ ਚਲੀ ਗਈ। ਦੋਵਾਂ ਪਰਿਵਾਰਾਂ ਨੇ ਥਾਣੇ ’ਚ ਬੈਠ ਕੇ ਸਮਝੌਤਾ ਕਰਵਾਇਆ ਤੇ ਉਹ ਮੁੜ ਘਰ ਆ ਗਈ। ਪਰ ਕੁਝ ਦਿਨਾਂ ਬਾਅਦ ਫਿਰ ਰਾਤ ਨੂੰ ਮੋਬਾਈਲ ’ਤੇ ਸਰਗਰਮ ਰਹਿਣ ਲੱਗੀ। ਸਵੇਰੇ ਦੇਰ ਨਾਲ ਉੱਠਣ ਤੇ ਬੱਚਿਆਂ ਨੂੰ ਸਕੂਲ ਭੇਜਣ ’ਚ ਲਾਪਰਵਾਹੀ ਕਾਰਨ ਫਿਰ ਝਗੜੇ ਸ਼ੁਰੂ ਹੋ ਗਏ ਤੇ ਇਕ ਦਿਨ ਉਹ ਗੁੱਸੇ ’ਚ ਮੁੜ ਮਾਪਿਆਂ ਦੇ ਘਰ ਚਲੀ ਗਈ ਤੇ ਹੁਣ ਉਥੇ ਹੀ ਰਹਿੰਦੀ ਹੈ। — ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਨਾਲ ਲੋਕ ਪਰਿਵਾਰ ਤੋਂ ਦੂਰ ਹੋ ਰਹੇ ਹਨ। ਲੋਕ ਦਿਖਾਵੇ ਦੀ ਜ਼ਿੰਦਗੀ ਨੂੰ ਵੱਧ ਤਰਜੀਹ ਦੇ ਰਹੇ ਹਨ। ਕਿਸੇ ਨੂੰ ਆਪਣੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ ’ਤੇ ਸਾਂਝੀ ਨਹੀਂ ਕਰਨੀ ਚਾਹੀਦੀ। ਨੌਜਵਾਨਾਂ ਤੇ ਬੱਚਿਆਂ ਨੂੰ ਇਸ ਆਦਤ ਤੋਂ ਖਾਸ ਤੌਰ ’ਤੇ ਬਚਾਉਣ ਦੀ ਲੋੜ ਹੈ। ਕਈ ਕੇਸਾਂ ’ਚ ਵੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣ ਨਾਲ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਘਰ ਟੁੱਟ ਗਏ। ਦਿਖਾਵੇ ਦੀ ਜ਼ਿੰਦਗੀ ਨਾਲੋਂ ਪਰਿਵਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਪਿਆਰ ਬਣਿਆ ਰਹੇ ਤੇ ਕੋਈ ਰਿਸ਼ਤਾ ਕਮਜ਼ੋਰ ਨਾ ਹੋਵੇ। -ਡਿਪਟੀ ਚੀਫ਼ ਐੱਲਏਡੀਸੀ ਵਕੀਲ ਨਵਨੀਤ ਢੱਲ — ਸੋਸ਼ਲ ਮੀਡੀਆ ਦੇ ਫਾਇਦੇ ਵੀ ਹਨ ਤੇ ਨੁਕਸਾਨ ਵੀ। ਇਸ ’ਤੇ ਜ਼ਿਆਦਾ ਸਮਾਂ ਨਾ ਲਗਾ ਕੇ ਪਰਿਵਾਰ ਨੂੰ ਵੱਧ ਸਮਾਂ ਦੇਣਾ ਚਾਹੀਦਾ ਹੈ। ਘਰ ’ਚ ਹਰ ਕਿਸੇ ਕੋਲ ਮੋਬਾਈਲ ਹੈ ਪਰ ਨਾਲ ਬੈਠੇ ਪਰਿਵਾਰਕ ਮੈਂਬਰ ਆਪਸ ’ਚ ਗੱਲ ਨਹੀਂ ਕਰਦੇ, ਦੂਰ ਬੈਠੇ ਦੋਸਤਾਂ ਨਾਲ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ। ਪਰਿਵਾਰ ਨੂੰ ਵੱਧ ਸਮਾਂ ਦਿਓ ਤਾਂ ਜੋ ਕਦੇ ਵੀ ਕਿਸੇ ਦੇ ਰਿਸ਼ਤਿਆਂ ’ਚ ਦਰਾਰ ਨਾ ਆਵੇ ਤੇ ਸਭ ’ਚ ਪਿਆਰ ਬਣਿਆ ਰਹੇ।



