Punjab

ਇੰਗਲੈਂਡ ‘ਚ ਕੇਅਰ ਟੇਕਰ ਲਗਵਾਉਣ ਦਾ ਝਾਂਸਾ ਦੇ ਕੇ ਕੀਤੀ 36 ਲੱਖ ਦੀ ਧੋਖਾਧੜੀ

ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 12 ਨਵੰਬਰ : ਦੋ ਲੜਕੀਆਂ ਨੂੰ ਇੰਗਲੈਂਡ ਵਿੱਚ ਕੇਅਰ ਵਰਕਰ ਲਗਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਤਿੰਨ ਵਿਅਕਤੀਆਂ ਨੇ 36 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਐਜੂਕੇਸ਼ਨ ਓਵਰਸੀਜ਼ ਐਂਡ ਕੰਸਲਟੈਂਟ ਦੇ ਮਾਲਕ ਹਰਜੀਤ ਸਿੰਘ ਦੀ ਸ਼ਿਕਾਇਤ ਤੇ ਸਾਧੂ ਸੁੰਦਰ ਸਿੰਘ ਨਗਰ ਕਲੋਨੀ ਈਸਾ ਨਗਰੀ ਦੇ ਰਹਿਣ ਵਾਲੇ ਰਾਜਕੁਮਾਰ ਉਰਫ ਰੋਕੀ, ਉਸਦੇ ਭਰਾ ਅਸ਼ੋਕ ਕੁਮਾਰ ਅਤੇ ਸਾਧੂ ਸੁੰਦਰ ਸਿੰਘ ਨਗਰ ਕਲੋਨੀ ਦੇ ਵਾਸੀ ਅਭਿਸ਼ੇਕ ਨਥੈਨੀਅਲ ਦੇ ਖਿਲਾਫ ਧੋਖਾਧੜੀ, ਅਪਰਾਧਿਕ ਸਾਜ਼ਿਸ਼, ਦਸਤਾਵੇਜ਼ਾਂ ਨਾਲ ਛੇੜਛਾੜ ਅਤੇ ਆਈਪੀਸੀ ਦੀਆਂ ਹੋਰ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਗੁਰਦੇਵ ਨਗਰ ਦੇ ਮਲਹਾਰ ਰੋਡ ਤੇ ਐਜੂਕੇਸ਼ਨ ਓਵਰਸੀਜ ਐਂਡ ਕੰਸਲਟੈਂਟ ਏਜੰਸੀ ਚਲਾਉਣ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਤਿੰਨੋ ਮੁਲਜ਼ਮ ਉਸ ਦੇ ਪੁਰਾਣੇ ਵਾਕਫ ਹਨ। ਕੁਝ ਸਮਾਂ ਪਹਿਲੋਂ ਮੁਲਜ਼ਮ ਰਾਜਕੁਮਾਰ ਉਰਫ ਰੋਕੀ ਇੰਗਲੈਂਡ ਗਿਆ। ਵਿਦੇਸ਼ ਤੋਂ ਵਾਪਸ ਆਉਣ ਤੇ ਰੋਕੀ ਨੇ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਆਖਿਆ ਕਿ ਇੰਗਲੈਂਡ ਵਿੱਚ ਕਈ ਬਜ਼ੁਰਗ ਵਿਅਕਤੀਆਂ ਨੂੰ ਮੈਡੀਕਲ ਕੇਅਰ ਟੇਕਰ ਦੀ ਜ਼ਰੂਰਤ ਹੈ। ਉਸ ਨੇ ਆਖਿਆ ਕਿ ਜੇਕਰ ਕੋਈ ਕਲਾਇੰਟ ਹੈ ਤਾਂ ਉਹ ਬੜੀ ਆਸਾਨੀ ਨਾਲ ਉਨ੍ਹਾਂ ਨੂੰ ਇੰਗਲੈਂਡ ਭੇਜ ਸਕਦਾ। ਕੇਅਰ ਟੇਕਰ ਵੀਜ਼ਾ ਲਗਵਾਉਣ ਦੀ ਗੱਲ ਕਹਿ ਕੇ ਕਲਾਇੰਟ ਕੋਲੋਂ 18 ਲੱਖ ਰੁਪਏ ਲੈਣ ਦੀ ਗੱਲ ਆਖੀ। ਲੁਧਿਆਣਾ ਦੀਆਂ ਦੋ ਲੜਕੀਆਂ ਨੇ ਵਿਦੇਸ਼ ਜਾਣ ਲਈ ਹਰਜੀਤ ਸਿੰਘ ਨਾਲ ਸੰਪਰਕ ਕੀਤਾ। ਗੁਰਦੇਵ ਨਗਰ ਵਿੱਚ ਐਜੂਕੇਸ਼ਨ ਓਵਰਸੀਜ ਐਂਡ ਕੰਸਲਟੈਂਟ ਦਫਤਰ ਚਲਾਉਣ ਵਾਲੇ ਹਰਜੀਤ ਸਿੰਘ ਨੇ ਰਾਜਕੁਮਾਰ ਅਤੇ ਹੋਰ ਮੁਲਜ਼ਮਾਂ ਦੇ ਝਾਂਸੇ ਵਿੱਚ ਆ ਕੇ ਦੋਵਾਂ ਲੜਕੀਆਂ ਨੂੰ ਬਤੌਰ ਕੇਅਰ ਟੇਕਰ ਇੰਗਲੈਂਡ ਭੇਜਣ ਦੀ ਤਿਆਰੀ ਸ਼ੁਰੂ ਕੀਤੀ। ਉਸ ਨੇ ਦੋਵਾਂ ਲੜਕੀਆਂ ਕੋਲੋਂ 18- 18 ਲੱਖ ਰੁਪਏ ਲੈ ਕੇ ਰਕਮ ਰਾਜਕੁਮਾਰ ਅਤੇ ਉਸ ਦੇ ਸਾਥੀਆਂ ਦੇ ਹਵਾਲੇ ਕਰ ਦਿੱਤੀ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਦੋਵਾਂ ਲੜਕੀਆਂ ਦਾ ਸੀਓ ਲੈਟਰ ਮੰਗਵਾ ਦਿੱਤਾ। ਦੋਵੇਂ ਕੁੜੀਆਂ ਇੰਗਲੈਂਡ ਵਿੱਚ ਬਤੌਰ ਕੇਅਰ ਟੇਕਰ ਲੱਗਣ ਦੀ ਤਿਆਰੀ ਕਰਨ ਲੱਗ ਪਈਆਂ। ਸਾਲ 2023 ਵਿੱਚ ਹੋਈ ਇਸ ਡੀਲ ਤੋਂ ਬਾਅਦ ਕਈ ਮਹੀਨੇ ਬੀਤ ਗਏ ਪਰ ਮੁਲਜ਼ਮਾਂ ਨੇ ਲੜਕੀਆਂ ਦਾ ਵੀਜ਼ਾ ਨਾ ਮੰਗਵਾਇਆ। ਹਰਜੀਤ ਸਿੰਘ ਨੇ ਜਦ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹ ਲਗਾਤਾਰ ਲਾਰੇ ਲਗਾਉਂਦੇ ਰਹੇ। ਸ਼ੱਕ ਪੈਣ ਤੇ ਜਦ ਹਰਜੀਤ ਸਿੰਘ ਨੇ ਸੀਓ ਲੈਟਰ ਚੈੱਕ ਕੀਤਾ ਤਾਂ ਉਹ ਲੈਟਰ ਫਰਜ਼ੀ ਪਾਇਆ ਗਿਆ। ਹਰਜੀਤ ਸਿੰਘ ਵੱਲੋਂ ਸੰਪਰਕ ਕਰਨ ਤੇ ਮੁਲਜ਼ਮਾਂ ਨੇ ਇਹ ਆਖਿਆ ਕਿ ਉਹ 36 ਲੱਖ ਰੁਪਏ ਜਲਦੀ ਹੀ ਵਾਪਸ ਕਰ ਦੇਣਗੇ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੇ ਹਰਜੀਤ ਸਿੰਘ ਦੀ ਰਕਮ ਵਾਪਸ ਨਾ ਕੀਤੀ। ਹਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦੋਵਾਂ ਕਲਾਇੰਟਾਂ ਨੂੰ ਆਪਣੇ ਕੋਲੋਂ ਪੈਸੇ ਦੇ ਵਾਪਸ ਕਰ ਦਿੱਤੇ ਸਨ। ਜਦ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਰਕਮ ਨਾ ਮੋੜੀ ਤਾਂ ਉਸਨੇ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button