‘ਇਹ ਮੌਤ ਨਹੀਂ ਹੱਤਿਆਵਾਂ’, ਅੰਮ੍ਰਿਤਸਰ ਸ਼ਰਾਬ ਕਾਂਡ ‘ਤੇ ਅਜਿਹਾ ਕਿਉਂ ਬੋਲੇ CM Mann ? ਪੀੜਤਾਂ ਲਈ ਕੀਤਾ ਵੱਡਾ ਐਲਾਨ

ਮਜੀਠਾ, 13 ਮਈ- ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਹੈ ਕਿ ਮਜੀਠਾ ਦੇ ਪਿੰਡ ‘ਚ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਬੰਗਾਲੀ ਤਲਵੰਡੀ ਤੇ ਹਰਿਆਵਲ ‘ਚ ਹੋਈਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਮੌਤਾਂ ਨਹੀਂ, ਸਗੋਂ ਹਤਿਆਵਾਂ ਹਨ। ਇਸ ਮਾਮਲੇ ‘ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਸ਼ਰਾਬ ਦੀ ਸਪਲਾਈ ਕਰਦੇ ਸਨ। ਸ਼ਰਾਬ ਦੇ ਸਪਲਾਇਰਾਂ ਦੀ ਚੇਨ ਦਾ ਪਤਾ ਲਗਾਇਆ ਜਾ ਰਿਹਾ ਹੈ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਜੇ ਕੋਈ ਵੀ ਵਿਅਕਤੀ ਕਿੰਨਾ ਹੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਸਾਰੇ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧਤ ਸਨ। ਇਸ ਦੌਰਾਨ ਉਨ੍ਹਾਂ ਹਰੇਕ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮਾਲੀ ਮਦਦ, ਇਲਾਜ ਅਧੀਨ ਹਰੇਕ ਪਰਿਵਾਰ ਨੂੰ 2 ਲੱਖ ਰੁਪਏ, ਇਕ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਆਧਾਰ ‘ਤੇ ਨੌਕਰੀ, ਸਸਕਾਰ ਤੇ ਭੋਗ ਵਾਸਤੇ ਸਰਕਾਰ ਵੱਲੋਂ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਥਾਣਾ ਮਜੀਠਾ ਦੇ ਐਸਐਚਓ ਅਵਤਾਰ ਸਿੰਘ ਕਾਹਲੋਂ ਤੇ ਡੀਐਸਪੀ ਅਮੋਲਕ ਸਿੰਘ ਨੂੰ ਤਰੁੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ।



