
ਬਟਾਲਾ, 22 ਸਤੰਬਰ : ਸੋਮਵਾਰ ਦੀ ਸਵੇਰ ਨੂੰ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਮਹੱਲਾ ਉੱਤਮ ਨਗਰ ‘ਚ ਇਲੈਕਟਰੋਨਿਕ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਗੁਦਾਮ ‘ਚ ਰੱਖੇ ਫਰਿਜਾਂ ਤੇ ਏਅਰ ਕੰਡੀਸ਼ਨਰ ਦੇ ਕੰਪਰੈਸ਼ਰ ਫਟਨ ਨਾਲ ਆਸ-ਪਾਸ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਿਸ ਨਾਲ ਲੋਕਾਂ ‘ਚ ਦਹਿਸ਼ਤ ਪੈ ਗਈ। ਫਾਇਰ ਬ੍ਰਿਗਡ ਬਟਾਲਾ ਦੀ ਟੀਮ ਨੇ ਇੱਕ ਘੰਟੇ ਦੀ ਜਦੋ ਜਹਿਦ ਬਾਅਦ ਅੱਗ ‘ਤੇ ਕਾਬੂ ਪਾਇਆ । ਅੱਗ ਲੱਗਣ ਨਾਲ ਗੋਦਾਮ ‘ਚ ਪਿਆ ਇਲੈਕਟਰੋਨਿਕ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਪੀੜਿਤ ਦੁਕਾਨ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਸਟਾਰ ਇਲੈਕਟਰੋਵਰਡ ਦੇ ਨਾਮ ਦਾ ਇਲੈਕਟਰੋਨਿਕ ਦਾ ਸ਼ੋਰੂਮ ਹੈ। ਉਸ ਨੇ ਦੱਸਿਆ ਕਿ ਉਸ ਦਾ ਗੁਦਾਮ ਮੁਹੱਲਾ ਉੱਤਮ ਨਗਰ ਵਿਖੇ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਉਸ ਦੇ ਗੁਦਾਮ ‘ਚੋਂ ਧੂਆਂ ਨਿਕਲ ਰਿਹਾ ਹੈ, ਜਿਸ ਉਪਰੰਤ ਉਹ ਮੌਕੇ ‘ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਭਾਰੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਉਸ ਨੇ ਫਰਿਜਾਂ ਏਅਰ ਕੰਡੀਸ਼ਨਰ ਐਲਈਡੀ ਅਤੇ ਹੋਰ ਘਰੇਲੂ ਉਪਕਰਨ ਖਰੀਦ ਕੇ ਗੁਦਾਮ ਅੰਦਰ ਸਟਾਕ ਕੀਤੇ ਸਨ ਕਿ ਅੱਗ ਲੱਗਣ ਨਾਲ ਉਸ ਦਾ ਵੱਡਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਅਤੇ ਉਹ ਹੋਏ ਨੁਕਸਾਨ ਦਾ ਵੇਰਵਾ ਇਕੱਠਾ ਕਰ ਰਹੇ ਹਨ।



