
ਬਠਿੰਡਾ, 5 ਜੁਲਾਈ : ਮੰਗਲਵਾਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਭੁੱਚੋ ਦੇ ਸਹਾਇਕ ਰੀਡਰ-ਕਮ-ਪੀਐੱਸਓ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਇਕ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ’ਚ ਭੇਜ ਦਿੱਤਾ ਹੈ। ਦੂਜੇ ਪਾਸੇ ਭਾਵੇਂ ਰਿਸ਼ਵਤ ਦੇ ਇਕ ਲੱਖ ਰੁਪਏ ਡੀਐੱਸਪੀ ਭੁੱਚੋ ਮੰਡੀ ਰਵਿੰਦਰ ਸਿੰਘ ਦੀ ਗੱਡੀ ਵਿਚੋਂ ਮਿਲੇ ਸਨ, ਪਰ ਅਜੇ ਤੱਕ ਡੀਐੱਸਪੀ ਖ਼ਿਲਾਫ਼ ਵਿਜੀਲੈਂਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਜਿੱਥੇ ਪੰਜਾਬ ਸਰਕਾਰ ਦੀ ਕਿਰਕਰੀ ਹੋ ਰਹੀ ਹੈ, ਉੱਥੇ ਹੀ ਵਿਜੀਲੈਂਸ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ੍ਹ ਉੱਠ ਰਹੇ ਹਨ। ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਇੰਸਪੈਕਟਰ ਰਾਜਨਦੀਪ ਕੌਰ ਦੀ ਅਗਵਾਈ ਹੇਠਲੀ ਟੀਮ ਮੁਲਜ਼ਮ ਰਾਜ ਕੁਮਾਰ ਨੂੰ ਬਠਿੰਡਾ ਦੀ ਅਦਾਲਤ ਲੈ ਕੇ ਆਈ। ਵਿਜੀਲੈਂਸ ਟੀਮ ਨੇ ਅਦਾਲਤ ਤੋਂ ਪੁੱਛਗਿੱਛ ਲਈ ਇਕ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਭੇਜਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਜੀਲੈਂਸ ਨੇ ਭੁੱਚੋ ਡੀਐੱਸਪੀ ਦੇ ਸਹਾਇਕ ਰਾਜ ਕੁਮਾਰ ਨੂੰ ਪਿੰਡ ਕਲਿਆਣ ਸੁੱਖਾ ਦੀ ਪਰਮਜੀਤ ਕੌਰ ਨਾਮ ਦੀ ਇਕ ਔਰਤ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ, ਜਿਸ ’ਚ ਉਸਦੇ ਪਤੀ ਅਤੇ ਦੋ ਪੁੱਤਰਾਂ ਨੂੰ ਕੇਸ ਵਿੱਚੋਂ ਕੱਢਣਾ ਸੀ। ਉਕਤ ਸਹਾਇਕ ਰੀਡਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਐੱਸਪੀ ਖੁਦ ਚੁੱਪਚਾਪ ਖਿਸਕ ਗਿਆ ਸੀ। ਇਸ ਤੋਂ ਬਾਅਦ ਭੁੱਚੋ ਡੀਐੱਸਪੀ ਬੁੱਧਵਾਰ ਨੂੰ ਆਪਣੇ ਦਫ਼ਤਰ ਨਹੀਂ ਪਹੁੰਚਿਆ। ਡੀਐੱਸਪੀ ਅੱਜ ਤਕ ਆਪਣੇ ਦਫ਼ਤਰ ਨਹੀਂ ਪੁੱਜਾ।



