
ਤਰਨਤਾਰਨ, 24 ਜੂਨ : ਕਸਬਾ ਭਿੱਖੀਵਿੰਡ ਦੇ ਇਕ ਆੜ੍ਹਤੀ ਕੋਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 20 ਲੱਖ ਦੀ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਵਾਲੇ ਨੇ ਆਪਣਾ ਨਾਂ ਗੋਲਡੀ ਬਰਾੜ ਦੱਸਿਆ। ਜਦੋਂਕਿ ਪੈਸੇ ਨਾ ਦੇਣ ਦੀ ਸੂਰਤ ਵਿਚ ਪਰਿਵਾਰ ਦੇ ਜਾਨੀ ਨੁਕਸਾਨ ਦੀ ਧਮਕੀ ਵੀ ਦਿੱਤੀ ਗਈ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਗੋਲਡੀ ਬਰਾੜ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਿੱਖੀਵਿੰਡ ਦੇ ਰਹਿਣ ਵਾਲੇ ਉਕਤ ਆੜ੍ਹਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 6 ਜੂਨ ਕਰੀਬ ਸਵਾ 3 ਵਜੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐੱਪ ਕਾਲ ਆਈ ਸੀ। ਅੱਗੋਂ ਬੋਲਣ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ ਤੇ ਉਸ ਕੋਲੋਂ 20 ਲੱਖ ਦੀ ਫਿਰੌਤੀ ਮੰਗੀ। ਨਾਲ ਹੀ ਕਿਹਾ ਕਿ ਪੈਸੇ ਨਾ ਦਿੱਤੇ ਤਾਂ ਪਰਿਵਾਰ ਦਾ ਜਾਨੀ ਨੁਕਸਾਨ ਕਰ ਦੇਵੇਗਾ। 16 ਜੂਨ ਨੂੰ ਵੀ ਫੋਨ ਆਇਆ ਤੇ ਮੁੜ ਪੈਸਿਆਂ ਦੀ ਮੰਗ ਕੀਤੀ ਅਤੇ ਪਰਿਵਾਰ ਦੇ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੂਜੇ ਪਾਸੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਆੜ੍ਹਤੀ ਦੇ ਬਿਆਨਾਂ ’ਤੇ ਗੋਲਡੀ ਬਰਾੜ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਸਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



