
ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਗੁਰੂਹਰਸਹਾਏ ਵਿਖੇ ਆਰਮੀ ਦਾ ਅਫਸਰ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ 204, 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਇਲਾਕੇ ਵਿਚ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਦਾਣਾ ਮੰਡੀ ਪੰਜੇ ਕੇ ਉਤਾੜ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਜੋ ਭਾਰਤੀ ਸੈਨਾ ’ਚੋਂ ਕਾਂਸਟੇਬਲ ਡਿਸਮਿਸ ਹੋ ਚੁੱਕਾ ਹੈ ਤੇ ਆਰਮੀ ਦਾ ਜਾਅਲੀ ਸ਼ਨਾਖਤ ਕਾਰਡ ਬਣਾ ਰੱਖਿਆ ਹੈ ਤੇ ਆਰਮੀ ਦੀ ਵਰਦੀ ਸਮੇਤ ਰੈਂਕ ਵੀ ਆਪਣੇ ਪਾਸ ਰੱਖ ਛੱਡੀ ਹੈ, ਜੋ ਲਗਾਤਾਰ ਆਪਣੇ ਆਪ ਨੂੰ ਆਰਮੀ ਦਾ ਅਫਸਰ ਦੱਸ ਦੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਆ ਰਿਹਾ ਹੈ। ਜੇਕਰ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਇਸ ਕੋਲੋਂ ਭਾਰਤੀ ਸੈਨਾ ਦਾ ਸ਼ਨਾਖਤੀ ਕਾਰਡ ਤੇ ਭਾਰਤੀ ਸੈਨਾ ਦੀ ਵਰਦੀ ਤੇ ਹੋਰ ਦਸਤਾਵੇਜ ਵੀ ਬਰਾਮਦ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



