Punjab

ਆਫ਼ਤ ਪ੍ਰਬੰਧਨ ਤੇ ਮੁੱਢਲੀ ਸਹਾਇਤਾ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ

ਬਾਲ ਕਿਸ਼ਨ

ਫਿਰੋਜ਼ਪੁਰ, 16 ਜੁਲਾਈ: ਵਿਵੇਕਾਨੰਦ ਵਰਲਡ ਸਕੂਲ ਵਿਚ ਰਾਸ਼ਟਰੀ ਆਫ਼ਤ ਮੁਕਤੀ ਬਲ ਐੱਨਡੀਆਰਐੱਫ ਦੀ ਟੀਮ ਵੱਲੋਂ ਆਫ਼ਤ ਪ੍ਰਬੰਧਨ ਅਤੇ ਮੁੱਢਲੀ ਸਹਾਇਤਾ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਦਰਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁਦਰਤੀ ਆਫ਼ਤਾਂ, ਖਾਸ ਕਰਕੇ ਭੂਚਾਲ ਵਰਗੀਆਂ ਸਥਿਤੀਆਂ ਦੌਰਾਨ ਜਾਨ-ਮਾਲ ਦੀ ਸੁਰੱਖਿਆ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਐੱਨਡੀਆਰਐੱਫ ਦੀ ਜਾਣਕਾਰ ਟੀਮ ਨੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਭੂਚਾਲ ਸੁਰੱਖਿਆ, ਅਤੇ ਮੁਢਲੀ ਸਹਾਇਤਾ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਸੈਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਸੰਤੁਲਨ ਅਤੇ ਹਿੰਮਤ ਨਾਲ ਕੰਮ ਕਰਨ ਦੇ ਢੰਗ ਸਿਖਾਉਣਾ ਸੀ। ਸੀਨੀਅਰ ਇੰਸਪੈਕਟਰ ਸ਼ਸ਼ੀ ਕੁਮਾਰ ਦੀ ਅਗਵਾਈ ਵਿੱਚ ਟੀਮ ਨੇ ‘‘ਡਰੌਪ, ਕਵਰ ਐਂਡ ਹੋਲਡ’’ ਤਕਨੀਕ ਦਾ ਲਾਈਵ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਦੀ ਅਹਿਮੀਅਤ ਸਮਝਾਈ। ਇਸ ਦੌਰਾਨ, ਟੀਮ ਨੇ ਮੁੱਢਲੀ ਸਹਾਇਤਾ ਨਾਲ ਜੁੜੀਆਂ ਅਹਿਮ ਤਕਨੀਕਾਂ ਜਿਵੇਂ ਕਿ ਟਰਨਿਕੇਟ ਵਿਧੀ, ਸੀਪੀਆਰ ਅਤੇ ਜ਼ਖ਼ਮੀ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਤਬਦੀਲ ਕਰਨ ਦੇ ਅਭਿਆਸ ਵੀ ਕਰਵਾਏ। ਟੀਮ ਵਿਚ ਹੈੱਡ ਕਾਂਸਟੇਬਲ ਬਿਨੈ ਕੁਮਾਰ, ਕਾਂਸਟੇਬਲ ਸਤਿੰਦਰ ਸਿੰਘ, ਸੰਦੀਪ ਸਿੰਘ, ਸੁਖਪਰੀਤ ਸਿੰਘ, ਅਜੈ ਕੁਮਾਰ, ਮਹੀਪਾਲ, ਸੰਜੀਤ ਮਿਹਰਾ, ਪਲਵਡੇ ਨਾਮਦੇਵ, ਮਹਿੰਦਰ ਅਤੇ ਐੱਮਡੀ ਖਾਨ ਸ਼ਾਮਲ ਸਨ। ਵਿਦਿਆਰਥੀਆਂ ਨੇ ਸੈਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਟੀਮ ਨੂੰ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਦਾ ਪ੍ਰਗਟਾਵਾ ਕੀਤਾ। ਡਾ. ਰੁਦਰਾ ਨੇ ਕਿਹਾ ਇਸ ਤਰ੍ਹਾਂ ਦੇ ਸੈਸ਼ਨ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਤੁਰੰਤ ਫੈਸਲੇ ਲੈਣ ਦੀ ਸਮਰੱਥਾ, ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਪ੍ਰੋਗਰਾਮ ਦੀ ਸਮਾਪਤੀ ’ਤੇ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਐੱਨਡੀਆਰਐੱਫ ਟੀਮ ਦਾ ਯਾਦਗਾਰ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ। ਇਹ ਸੈਮੀਨਾਰ ਵਿਦਿਆਰਥੀਆਂ ਲਈ ਨਾ ਸਿਰਫ਼ ਸਿੱਖਣ ਦਾ ਮੌਕਾ ਸੀ, ਸਗੋਂ ਜੀਵਨ ਰੱਖਿਅਕ ਕੌਸ਼ਲਾਂ ਨਾਲ ਜੁੜਨ ਦਾ ਇੱਕ ਅਨਮੋਲ ਅਨੁਭਵ ਵੀ ਸਾਬਤ ਹੋਇਆ।

Related Articles

Leave a Reply

Your email address will not be published. Required fields are marked *

Back to top button