
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 14 ਅਗਸਤ : ਪਿਛਲੇ ਇਕ ਦਹਾਕੇ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ ਪਾਰਟੀ ਦੇ ਸਾਬਕਾ ਬੁਲਾਰੇ ਇਕਬਾਲ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਕਬਾਲ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿਣ ਉਪਰੰਤ ਆਪਣੇ ਫੇਸਬੁੱਕ ਪੇਜ਼ ਉਤੇ ਲਿਖਿਆ ਹੈ ਕਿ 2015 ਤੋਂ ਸਿਆਸੀ ਪਾਰਟੀਆਂ ਵਿਚ ਇੱਕ ਨਵੀਂ ਕਿਰਨ ਬਣਕੇ ਉੱਭਰੀ ਆਮ ਆਦਮੀ ਪਾਰਟੀ ਨੇ ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ। ਸਾਲ 2015 ਤੋਂ ਲੈਕੇ ਹੁਣ ਤੱਕ ਅਜਿਹੀ ਕੋਈ ਜਗ੍ਹਾ ਨਹੀਂ, ਅਜਿਹਾ ਕੋਈ ਮੁੱਦਾ ਨਹੀਂ,ਜਿੱਥੇ ਪਾਰਟੀ ਨੂੰ ਡਿਫੈਂਡ ਨਾ ਕੀਤਾ ਹੋਵੇ। ਇੱਥੋਂ ਤੱਕ ਵੀ ਵਾਪਰਦਾ ਰਿਹਾ ਕਿ, ਪਾਰਟੀ ਵੱਲੋ ਲੱਗੀ ਡਿਊਟੀ ਨੂੰ ਨਿਭਾਉਂਦੇ ਹੋਏ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਤਲਖ਼ੀ ਤੱਕ ਦੀ ਵੀ ਨੌਬਤ ਝੱਲਣੀ ਪਈ। ਜਿਸ ਆਸਾਂ ਉਮੀਦ ਨਾਲ ਆਪਣਾ ਘਰ ,ਖੇਤੀਬਾੜੀ ਨੂੰ ਛੱਡ ਕੇ ਕੰਮ ਕਰਦੇ ਰਹੇ, ਉਸ ਆਸ ਉੱਪਰ ਸਰਕਾਰ ਬਣਨ ਤੋਂ ਬਾਅਦ ਨਾ ਪਾਰਟੀ ਅਤੇ ਨਾ ਸਰਕਾਰ ਪੂਰਾ ਉੱਤਰੀ। ਜਿਸ ਕਰਕੇ ਨਾਲ ਚੱਲੇ ਸਾਥੀਆਂ ਅਤੇ ਆਮ ਜਨਤਾ ਕੋਲੋ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਕਰਕੇ ਦਸ ਸਾਲ ਦੀ ਮਿਹਨਤ ਤੋਂ ਬਾਅਦ ਮੈਂ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਸਾਲ 2015 ਤੋਂ ਨਾਲ ਚੱਲੇ ਸਾਥੀਆਂ ਤੋਂ ਭਰੇ ਮਨ ਨਾਲ ਮੁਆਫੀ ਮੰਗਦਾ ਹਾਂ ਕਿ ਅੱਗੇ ਸਾਥ ਨਹੀਂ ਨਿਭਾਇਆ ਜਾ ਸਕਦਾ । ਪਿਛਲੇ ਦਸ ਸਾਲ ਤੋਂ ਜਿਨਾ ਸਾਥੀਆਂ ਨਾਲ ਮਿਲਕੇ ਕੰਮ ਕੀਤਾ, ਓਹਨਾ ਤੋਂ ਵੀ ਮੁਆਫੀ, ਅੱਜ ਓਹਨਾ ਦਾ ਵੀ ਸਾਥ ਛੱਡਣਾ ਪੈ ਰਿਹਾ ਹੈ। ਮੈਂ ਅਪਣੇ ਖਿੱਤੇ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਲੜਦਾ ਰਹਾਂਗਾ।



