Punjab

ਆਜ਼ਾਦੀ ਦੇ ਜਸ਼ਨਾਂ ’ਚ ਮਕੌੜਾ ਪੱਤਣ ਤੋਂ ਪਾਰ ਸੱਤ ਪਿੰਡਾਂ ਦੇ ਲੋਕ ਖ਼ੁਦ ਨੂੰ ਸਮਝਦੇ ਹਨ ਗ਼ੁਲਾਮ

ਗੁਰਦਾਸਪੁਰ, 14 ਅਗਸਤ : ਆਜ਼ਾਦੀ ਦੀ ਵਰ੍ਹੇਗੰਢ ਮੌਕੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਸਟੇਡੀਅਮ ’ਚ ਜ਼ਿਲ੍ਹਾ ਪੱਧਰੀ ਸਮਾਗਮਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨਾਉਣਗੇ। ਪਰ ਵੀ ਅਜੀਬ ਵਿਡੰਬਨਾ ਹੈ ਇਸ ਥਾਂ ਤੋਂ ਸਿਰਫ਼ 30 ਕਿਲੋਮੀਟਰ ਦੂਰ ਮਕੌੜਾ ਪੱਤਣ ’ਤੇ ਰਾਵੀ ਪਾਰ ਵੱਸਦੇ ਸੱਤ ਪਿੰਡ ਆਜ਼ਾਦੀ ਦੇ 78 ਵਰ੍ਹਿਆਂ ਬਾਅਦ ਵੀ ਖ਼ੁਦ ਨੂੰ ਭੁਗੌਲਿਕ ਤੌਰ ’ਤੇ ‘ਗ਼ੁਲਾਮ’ ਮਹਿਸੂਸ ਕਰਦੇ ਹਨ। ਇਨ੍ਹਾਂ ਪਿੰਡਾਂ ਦੇ ਦੇ ਲੋਕਾਂ ਕੋਲ ਨਾ ਤਾਂ ਆਜ਼ਾਦੀ ਦੇ ਜਸ਼ਨ ਮਨਾਉਣ ਦਾ ਕੋਈ ਚਾਅ ਹੈ ਤੇ ਨਾ ਹੀ ਆਜ਼ਾਦੀ ਦੇ ਜਸ਼ਨਾਂ ’ਚ ਸ਼ਾਮਲ ਹੋਣ ਦਾ ਕੋਈ ਰਾਹ। ਮਕੌੜਾ ਪੱਤਣ ਜ਼ਿਲ੍ਹਾ ਗੁਰਦਾਸਪੁਰ ਦਾ ਉਹ ਥਾਂ ਹੈ, ਜਿੱਥੇ ਰਾਵੀ ਦਰਿਆ ਦੇ ਨਾਲ-ਨਾਲ ਦੋ ਹੋਰ ਦਰਿਆਵਾਂ ਦਾ ਪਾਣੀ ਵੀ ਵਹਿੰਦਾ ਹੈ। ਇਕ ਹੈ ਦਰਿਆ ਉੱਜ ਤੇ ਦੂਜਾ ਦਰਿਆ ਜਲਾਲੀਆ। ਇਹ ਦੋਵੇਂ ਵੀ ਜੰਮੂ ਕਸ਼ਮੀਰ ਤੋਂ ਹੀ ਆਉਂਦੇ ਹਨ। ਦਰਿਆ ਜਲਾਲੀਆ, ਬਮਿਆਲ ਨੇੜੇ ਪਾਕਿਸਤਾਨ ’ਚ ਦਾਖ਼ਲ ਹੋ ਜਾਂਦਾ ਹੈ। ਕੋਈ ਤਿੰਨ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ ਮੁੜ ਭਾਰਤ ’ਚ ਦਾਖ਼ਲ ਹੁੰਦਾ ਹੈ ਤੇ ਤਾਰਾਗੜ੍ਹ ਥਾਣੇ ਅਧੀਨ ਪੈਂਦੇ ਪਿੰਡ ਪਹਾੜੀਪੁਰ ਨੇੜੇ ਉੱਜ ’ਚ ਆ ਮਿਲਦਾ ਹੈ। ਕੋਈ ਢਾਈ ਕਿਲੋਮੀਟਰ ਅੱਗੇ ਆ ਕੇ ਤਾਸ਼ ਪੱਤਣ ’ਤੇ ਉੱਜ ਦਰਿਆ ਜਲਾਲੀਆ ਦਰਿਆ ਦੇ ਪਾਣੀ ਨਾਲ ਰਾਵੀ ਨਾਲ ਸੰਗਮ ਕਰਦਾ ਹੈ। ਇਸ ਜਗ੍ਹਾ ’ਤੇ ਉੱਜ ਦਰਿਆ ਰਾਵੀ ਨਾਲ ਮਿਲ ਕੇ ਇਕ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਮਕੌੜਾ ਪੱਤਣ ਤੋਂ ਪਾਰ ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ, ਉਹ ਸੱਤ ਪਿੰਡ ਹਨ ਜਿਹੜੇ ਅੱਠ ਦਹਾਕਿਆਂ ਤੋਂ ਇਕ ਪੱਕੇ ਪੁਲ ਦੀ ਉਡੀਕ ਕਰ ਰਹੇ ਹਨ। ਬਰਤਾਨਵੀ ਹਕੂਮਤ ਤੋਂ ਬਾਅਦ ਆਜ਼ਾਦ ਦੇਸ਼ ’ਚ 78 ਸਾਲਾਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਨ੍ਹਾਂ ਪਿੰਡਾਂ ਦੀ ਤਕਦੀਰ ਨਹੀਂ ਬਦਲ ਸਕੀ। ਸਰਕਾਰਾਂ ਪੱਕੇ ਪੁਲ ਬਣਾਉਣ ਦੇ ਵਾਅਦੇ ਕਰਦੀਆਂ ਰਹੀਆਂ ਪਰ ਵਾਅਦਿਆਂ ਨੂੰ ਅਮਲੀ ਰੂਪ ਨਾ ਮਿਲ ਸਕਿਆ। ਸਥਿਤੀ ਦਾ ਦੁਖਾਂਤ ਇਹ ਹੈ ਕਿ ਹੁਣ ਜਦੋਂ ਇੱਥੇ ਪੱਕਾ ਪੁਲ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। 100 ਕਰੋੜ ਰੁਪਏ ਦੀ ਰਾਸ਼ੀ ਆਇਆਂ ਨੂੰ ਵੀ ਤਿੰਨ ਸਾਲ ਤੋਂ ਵਧ ਸਮਾਂ ਬੀਤ ਗਿਆ ਪਰ ਅਜੇ ਤੱਕ ਇਕ ਇੱਟ ਨਹੀਂ ਲੱਗ ਸਕੀ।  ਇਸ ਹਾਲਤ ’ਚ ਇੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਬਰਸਾਤਾਂ ਦੇ ਦਿਨਾਂ ’ਚ ਇਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ ਜਦੋਂ ਇਨ੍ਹਾਂ ਪਿੰਡਾਂ ਨੂੰ ਦੇਸ਼ ਨਾਲ ਜੋੜਨ ਵਾਲਾ ਇੱਕੋ ਇਕ ਪੈਂਟੂਨ ਪੁਲ ਵੀ ਦਰਿਆ ਤੋਂ ਚੁੱਕ ਲਿਆ ਜਾਂਦਾ ਹੈ। ਬਰਸਾਤ ਦੇ ਇਨ੍ਹਾਂ ਦਿਨਾਂ ’ਚ ਆਮ ਲੋੜਾਂ ਦੀਆਂ ਪੂਰਤੀ ਦੇ ਨਾਲ-ਨਾਲ ਇਹ ਲੋਕ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹੋ ਜਾਂਦੇ ਹਨ। ਐਮਰਜੈਂਸੀ ’ਚ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੁਲ ਚੁੱਕੇ ਜਾਣ ਤੋਂ ਬਾਅਦ ਆਵਾਜਾਈ ਲਈ ਇੱਕੋ ਇਕ ਜ਼ਰੀਆ ਕਿਸ਼ਤੀ ਰਹਿ ਜਾਂਦੀ ਹੈ। ਕਿਸ਼ਤੀ ’ਚ ਦਰਿਆ ਪਾਰ ਕਰਦੇ ਸਮੇਂ ਕਿਸੇ ਵੱਡੇ ਹਾਦਸੇ ਦਾ ਡਰ ਸਾਹ ਸੁਕਾਈ ਰੱਖਦਾ ਹੈ। ਪਹਾੜਾਂ ’ਚ ਬਾਰਿਸ਼ ਕਾਰਨ ਜਦੋਂ ਦਰਿਆ ’ਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਕਿਸ਼ਤੀ ਵੀ ਬੰਦ ਹੋ ਜਾਂਦੀ ਹੈ। ਐਮਰਜੈਂਸੀ ਵੇਲੇ ਮਲਾਹ ਨਛੱਤਰ ਸਿੰਘ ਕਿਸ਼ਤੀ ਚਲਾਉਣ ਦਾ ਜ਼ੋਖਮ ਲੈ ਲੈਂਦਾ ਹੈ, ਪਰ ਇਸ ਦੌਰਾਨ ਮਲਾਹ ਸਮੇਤ ਕਿਸ਼ਤੀ ਸਵਾਰ ਸਾਰੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਇਸ ਵਾਰ ਜ਼ਿਆਦਾ ਬਾਰਿਸ਼ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕ ਇਸ ਜ਼ੋਖਮ ’ਚੋਂ ਲੰਘ ਰਹੇ ਹਨ। ਇਨ੍ਹਾਂ ਹਾਲਾਤ ’ਚ ਇਨ੍ਹਾਂ ਪਿੰਡਾਂ ਦੇ ਲੋਕਾਂ ਕੋਲ ਆਜ਼ਾਦੀ ਦੇ ਜਸ਼ਨਾਂ ’ਚ ਸ਼ਾਮਿਲ ਹੋਣ ਦੀ ਤਵੱਕੋ ਕਰਨੀ ਹੀ ਉਨ੍ਹਾਂ ਨਾਲ ਨਾਲ ਮਜ਼ਾਕ ਹੈ। ਮਕੌੜਾ ਪੱਤਣ ਤੋਂ ਪਾਰ ਕਿਸੇ ਵੇਲੇ 14 ਪਿੰਡ ਸਨ। ਪਰ ਜਦੋਂ ਅੱਠ ਦਹਾਕਿਆਂ ਤੱਕ ਕਿਸੇ ਸਰਕਾਰ ਨੇ ਇਨ੍ਹਾਂ ਪਿੰਡਾਂ ਦੀ ਸਾਰ ਨਾ ਲਈ ਤਾਂ ਲੋਕ ਪਿੰਡ ਛੱਡ ਕੇ ਚਲੇ ਗਏ। ਅੱਜ ਸੱਤ ਪਿੰਡ ਖਾਲ੍ਹੀ ਹੋ ਚੁੱਕੇ ਹਨ। ਹੁਣ ਸਿਰਫ਼ 7 ਪਿੰਡ ਹਨ। ਇਨ੍ਹਾਂ ਪਿੰਡਾਂ ਦੀ ਅਬਾਦੀ ਕਿਸੇ ਵੇਲੇ 10 ਹਜ਼ਾਰ ਦੇ ਕਰੀਬ ਸੀ ਪਰ ਹੁਣ 2500 ਰਹਿ ਗਈ ਹੈ। ਰਾਵੀ ਪਾਰਲੇ ਇਨ੍ਹਾਂ ਪਿੰਡਾਂ ’ਚ ਸ਼ਾਮਲ ਪਿੰਡ ਚੇਬੇ ਦੇ ਸਰਪੰਚ ਵਿਕਰਮਜੀਤ ਸਿੰਘ ਉਰਫ਼ ਬਿੱਕਾ ਤੋਂ ਜਦੋਂ ਆਜ਼ਾਦੀ ਦੇ ਜਸ਼ਨ ’ਚ ਸ਼ਾਮਲ ਹੋਣ ਬਾਰੇ ਪੁੱਛਿਆ ਤਾਂ ਉਸਨੇ ਹੱਸਦੇ ਹੋਏ ਮੋੜਵਾਂ ਸਵਾਲ ਕੀਤਾ, ‘ਕਿਉਂ ਜ਼ਖ਼ਮਾਂ ’ਤੇ ਲੂਣ ਛਿੱੜਕਦੇ ਹੋ ਬਾਊ ਜੀ? ਸਾਡੇ ਲੋਕਾਂ ਲਈ ਤਾਂ ਆਜ਼ਾਦੀ ਕਦੀ ਆਈ ਹੀ ਨਹੀਂ। ਆਜ਼ਾਦੀ ਮਿਲੀ ਹੁੰਦੀ ਤਾਂ ਸਾਡੀ ਅਪਣੀ ਹੀ ਸਰਕਾਰ ਸਾਨੂੰ 80 ਸਾਲਾਂ ਤੋਂ ਲਾਵਾਰਸ ਨਾ ਛੱਡਦੀ। ਅਸੀਂ ਪਾਕਿਸਤਾਨ ਦੇ ਜਬਾੜੇ ਹੇਠ ਵਸੇ ਹੋਏ ਹਾਂ, ਦੋਵਾਂ ਪਾਸਿਆਂ ਤੋਂ ਜਾਨ ਦਾ ਖ਼ਤਰਾ ਹੈ ਤੇ ਦਿੱਕਤਾਂ ਦਾ ਪਹਾੜ ਹੈ। ਇਸ ਨਾਲੋਂ ਤਾਂ ਗ਼ੁਲਾਮ ਚੰਗੇ ਸੀ।’ ਪਿੰਡ ਭਰਿਆਲ ਦੇ ਸਰਪੰਚ ਅਮਰੀਕ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਵਾਸਤੇ ਰਾਵੀ ਪਾਰ ਜਾਣਾ ਪਹਿਲਾਂ ਹੀ ਵੱਡੀ ਚੁਣੌਤੀ ਹੈ, ਰਹਿੰਦੀ ਕਸਰ ਉੱਜ ਦਰਿਆ ਨੇ ਪੂਰੀ ਕਰ ਦਿੱਤੀ ਹੈ। ਰਾਵੀ ’ਚ ਮਿਲਣ ਵਾਲੇ ਉੱਜ ਦਰਿਆ ਦੇ ਪਾਣੀ ਦੀ ਢਾਹ ਲੱਗਣ ਕਰਕੇ ਪਿੰਡਾਂ ਨੂੰ ਜੋੜਨ ਵਾਲੀ ਸੰਪਰਕ ਸੜਕ ਰੁੜ੍ਹ ਗਈ ਹੈ। ਇਕ ਮਹੀਨੇ ਤੋਂ ਪਿੰਡਾਂ ਦਾ ਆਪਸੀ ਸੰਪਰਕ ਹੀ ਟੁੱਟਾ ਹੋਇਆ ਹੈ। ਇਸ ਸਮੱਸਿਆ ਵੱਲ ਕਿਸੇ ਵਿਭਾਗ ਜਾਂ ਪ੍ਰਸ਼ਾਸਨ ਦਾ ਧਿਆਨ ਨਹੀਂ। ਪਿੰਡ ਕੱਜਲਾ ਝੂਮਬਰ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਕਿਹਾ, ‘ਆਜ਼ਾਦੀ ਕਾਹਦੀ ਮਨਾਈਏ? ਅਸੀਂ ਤਾਂ ਓੱਥੇ ਹੀ ਖੜ੍ਹੇ ਹਾਂ ਜਿੱਥੇ 80 ਸਾਲ ਪਹਿਲਾਂ ਸੀ। ਨਾ ਅੱਜ ਮੁਤਾਬਕ ਸਿਹਤ ਸਹੂਲਤਾਂ ਹਨ, ਨਾ ਹੀ ਸਿੱਖਿਆ ਸਹੂਲਤਾਂ ਤੇ ਨਾ ਹੀ ਮੋਬਾਈਲ ਨੈੱਟਵਰਕ। ਐਮਰਜੰਸੀ ’ਚ ਹਸਪਤਾਲ ਜਾਣਾ ਪੈ ਜਾਵੇ ਤਾਂ ਬੇੜੀ ਵੀ ਨਹੀਂ ਚੱਲਦੀ। ਸਾਡੇ ਤਾਂ ਮੁੰਡਿਆਂ ਨੂੰ ਰਿਸ਼ਤੇ ਵੀ ਮੁਸ਼ਕਲ ਨਾਲ਼ ਮਿਲਦੇ ਨੇ। ਪਿੰਡ ਤੂਰ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡਾਂ ’ਚ ਸ਼ਾਇਦ ਹੀ ਕੋਈ ਹੋਵੇਗਾ ਜਿਸਨੇ ਆਪਣੀ ਅੱਖੀਂ ਆਜ਼ਾਦੀ ਦਿਵਸ ਦੇ ਸਮਾਗਮ ਸਮੇਂ ਤਿਰੰਗਾਂ ਝੂਲਦਾ ਦੇਖਿਆ ਹੋਵੇ। ਕੋਈ 7-8 ਸਾਲ ਪਹਿਲਾਂ ਕੁੱਝ ਅਧਿਆਪਕ ਜਾਂ ਫਿਰ ਬੀਐੱਸਐਫ ਦੇ ਜਵਾਨ ਪਿੰਡ ਭਰਿਆਲ ਦੇ ਸਕੂਲ ’ਚ ਝੰਡਾ ਚੜਾਉਂਦੇ ਹੁੰਦੇ ਸੀ ਪਰ ਹੁਣ ਉਹ ਵੀ ਕਈ ਸਾਲਾਂ ਤੋਂ ਬੰਦ ਹੈ।

Related Articles

Leave a Reply

Your email address will not be published. Required fields are marked *

Back to top button