ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਨ ਦੇਣ ਲਈ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਦਾ ਸਾਥ – ਡਿਪਟੀ ਕਮਿਸ਼ਨਰ
ਹਰ ਹਾਲਤ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਲਈ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਜੁਟੇ ਹਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ

ਬਾਲ ਕਿਸ਼ਨ
ਫਿਰੋਜ਼ਪੁਰ, 25 ਅਕਤੂਬਰ- ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਹਾਲਤ ਵਿੱਚ ਕਿਸਾਨਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਤਾਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਕੰਮ ਕਰ ਹੀ ਰਹੇ ਹਨ ਹੁਣ ਕਿਸਾਨਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਕੈਂਪ, ਜਾਗਰੂਕਤਾ ਰੈਲੀਆਂ, ਸਕੂਲਾਂ ਦੇ ਵਿੱਚ ਸਵੇਰ ਦੀ ਸਭਾ ਦੇ ਵਿੱਚ ਬੱਚਿਆਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਉਹ ਹਰ ਇੱਕ ਯਤਨ ਕੀਤਾ ਗਿਆ ਹੈ ਜਿਸ ਦੇ ਨਾਲ ਕਿਸਾਨ ਜਾਗਰੂਕ ਹੋਣ ਅਤੇ ਪਰਾਲੀ ਨੂੰ ਅੱਗ ਨਾ ਲਾ ਕੇ ਆਧੁਨਿਕ ਤਰੀਕੇ ਰਾਹੀਂ ਪਰਾਲੀ ਨੂੰ ਸੰਭਾਲਣ ਅਤੇ ਅਗਲੀ ਫਸਲ ਲਈ ਖੇਤ ਤਿਆਰ ਕਰਨ।
ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਰੇ ਗ੍ਰਾਮ ਪੰਚਾਇਤਾਂ ਦੇ ਮੁਖੀਆਂ, ਪੰਚਾਂ, ਸਰਪੰਚਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਗ੍ਰਾਮ ਪੰਚਾਇਤਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਹਿਯੋਗ ਦੇਣ। ਇਸ ਨਾਲ ਨਾਲ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਮਸ਼ੀਨਰੀ ਰਾਹੀਂ ਪਰਾਲੀ ਦੇ ਨਿਪਟਾਰੇ ਅਤੇ ਸਾਂਭ-ਸੰਭਾਲ ਲਈ ਸਹਿਯੋਗ ਪ੍ਰਦਾਨ ਕਰਨ। ਜਿੱਥੇ ਵੀ ਲੋੜ ਹੋਵੇ, ਉਥੇ ਪ੍ਰਸ਼ਾਸਨਿਕ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਅਭਿਆਨ ਅਤੇ ਮੌਕੇ ‘ਤੇ ਕਾਰਗੁਜ਼ਾਰੀ ਤੇਜ਼ੀ ਨਾਲ ਜਾਰੀ ਹੈ।ਬਲਾਕ ਗੁਰੂਹਰਸਹਾਏ ਦੇ ਪਿੰਡ ਸ਼ਰੀਂਹ ਵਾਲਾ ਬਰਾੜ ਵਿੱਚ ਕਿਸਾਨ ਸੁਰਜੀਤ ਸਿੰਘ ਬਰਾੜ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 10 ਏਕੜ ਰਕਬੇ ਵਿੱਚ ਵਿਭਾਗ ਵੱਲੋਂ ਸਬਸਿਡੀ ‘ਤੇ ਪ੍ਰਾਪਤ ਬੇਲਰ ਮਸ਼ੀਨ ਦੀ ਮਦਦ ਨਾਲ ਗੱਠਾਂ ਤਿਆਰ ਕਰ ਕੇ ਪਰਾਲੀ ਪ੍ਰਬੰਧਨ ਕੀਤਾ। ਇਸੇ ਬਲਾਕ ਦੇ ਪਿੰਡ ਚੁੱਘਾ ਦੇ ਕਿਸਾਨ ਹਰਮਨਦੀਪ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 55 ਏਕੜ ਖੇਤ ਵਿੱਚ ਮਲਚਰ ਅਤੇ ਪਲਾਓ ਦੀ ਵਰਤੋਂ ਕਰਦੇ ਹੋਏ ਇਨ ਸੀਟੂ ਮੈਨੇਜਮੈਂਟ ਰਾਹੀਂ ਪਰਾਲੀ ਦੀ ਸੰਭਾਲ/ਨਿਪਟਾਰਾ ਕੀਤਾ। ਇਸੇ ਤਰ੍ਹਾਂ ਪਿੰਡ ਲਾਲਚੀਆਂ ਦੇ ਕਿਸਾਨ ਗੁਰਪ੍ਰਤਾਪ ਸਿੰਘ ਨੇ ਵੀ 5 ਏਕੜ ਵਿੱਚ ਸਬਸਿਡੀ ਵਾਲੇ ਸੰਦਾਂ ਦੀ ਮਦਦ ਨਾਲ ਇਨ ਸੀਟੂ ਮੈਨੇਜਮੈਂਟ ਨਾਲ ਪਰਾਲੀ ਪ੍ਰਬੰਧਨ ਕਰ ਕੇ ਖੇਤ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਬਲਾਕ ਮਮਦੋਟ ਵਿੱਚ ਪਿੰਡ ਮੱਤੜ ਹਿਠਾੜ ਦੇ ਕਿਸਾਨ ਪਵਨਦੀਪ ਨੇ 19 ਏਕੜ ਰਕਬੇ ਵਿੱਚ ਮਲਚਰ ਦੀ ਮਦਦ ਨਾਲ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ। ਇਸੇ ਬਲਾਕ ਦੇ ਪਿੰਡ ਭੰਬਾ ਹਾਜੀ ਦੇ ਕਿਸਾਨ ਜੋਗਿੰਦਰ ਸਿੰਘ ਨੇ ਲਸਣ ਦੀ ਫਸਲ ਉੱਤੇ ਪਰਾਲੀ ਨੂੰ ਮਲਚ ਵਜੋਂ ਵਰਤਦਿਆਂ ਮਿੱਟੀ ਦੀ ਨਮੀ, ਉਪਜਾਊਸ਼ਕਤੀ ਅਤੇ ਨਦੀਨਾਂ ਦੀ ਰੋਕਥਾਮ ਲਈ ਨਵਾਂ ਉਦਾਹਰਣ ਪੇਸ਼ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਬਲਾਕ ਜੀਰਾ ਦੇ ਪਿੰਡ ਸ਼ਾਹਵਾਲਾ ਦੇ ਕਿਸਾਨ ਸੁਖਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੇ 5 ਏਕੜ ਰਕਬੇ ਵਿੱਚ ਮਲਚਰ ਅਤੇ ਐਮ.ਬੀ. ਪਲੋਅ (ਸਬਸਿਡੀ ਵਾਲੇ ਸੰਦਾਂ) ਦੀ ਵਰਤੋਂ ਨਾਲ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਦੇ ਹੋਏ ਪਰਾਲੀ ਦੀ ਇਨ-ਸੀਟੂ ਸੰਭਾਲ ਕੀਤੀ। ਇਸੇ ਤਰ੍ਹਾਂ ਬਲਾਕ ਫਿਰੋਜ਼ਪੁਰ ਦੇ ਆਰਿਫ ਕੇ ਸਰਕਲ ਵਿੱਚ ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਨਿਜਾਮ ਵਾਲਾ, ਸੁਲਤਾਨ ਵਾਲਾ ਅਤੇ ਕਟੋਰਾ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ। ਕਿਸਾਨਾਂ ਵੱਲੋਂ ਵਿਭਾਗ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਝੋਨੇ ਦੀ ਪਰਾਲੀ ਦਾ ਨਿਪਟਾਰਾ ਖੇਤਾਂ ਵਿੱਚ ਹੀ ਵਾਹ ਕੇ /ਇਨ ਸੀਟੂ ਤਰੀਕੇ ਨਾਲ ਕਰਨਗੇ।



