ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲਣਗੀਆਂ ਹਾਈ-ਟੈਕ ਸਹੂਲਤਾਂ, ਸਰਕਾਰ ਕਰ ਰਹੀ ਹੈ ਤਿਆਰੀਆਂ; ਵਧਾਈ ਜਾਵੇਗੀ ਪੈਸੰਜਰ ਹੈਂਡਲਿੰਗ ਸਹੂਲਤ

ਅੰਮ੍ਰਿਤਸਰ, 15 ਫਰਵਰੀ– ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਧਦੀ ਆਵਾਜਾਈ ਨੂੰ ਅਨੁਕੂਲ ਬਣਾਉਣ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਅੰਮਿ੍ਤਸਰ ਦੇ ਟਰਮੀਨਲ ਇਮਾਰਤ ਦਾ ਵਿਸਥਾਰ ਅਤੇ ਨਵੀਨੀਕਰਨ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸਾਂਝੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਹਵਾਈ ਅੱਡਾ ਪ੍ਰੋਜੈਕਟ ਤਹਿਤ ਟਰਮੀਨਲ ਵਿਚ ਲਗਪਗ 10 ਹਜ਼ਾਰ ਵਰਗ ਮੀਟਰ ਵਾਧੂ ਜਗ੍ਹਾ ਜੋੜੀ ਗਈ ਹੈ। ਵਿਸਥਾਰ ਤੋਂ ਬਾਅਦ ਟਰਮੀਨਲ ਦੀ ਪੀਕ-ਆਵਰ ਯਾਤਰੀ ਸੰਭਾਲਣ ਦੀ ਸਮਰੱਥਾ 1,600 ਤੋਂ ਵੱਧ ਕੇ 2 ਹਜ਼ਾਰ ਯਾਤਰੀਆਂ ਤੱਕ ਪਹੁੰਚਣ ਦੀ ਉਮੀਦ ਹੈ। ਮੰਤਰਾਲੇ ਨੇ ਕਿਹਾ ਕਿ ਵਿਸਥਾਰ ਅਤੇ ਅਪਗ੍ਰੇਡੇਸ਼ਨ ਏਏਆਈ ਅਤੇ ਹੋਰ ਹਵਾਈ ਅੱਡੇ ਦੇ ਸੰਚਾਲਕਾਂ ਵੱਲੋਂ ਯਾਤਰੀਆਂ ਦੀ ਮੰਗ, ਜ਼ਮੀਨ ਦੀ ਉਪਲਬਧਤਾ, ਵਪਾਰਕ ਸਹੂਲਤਾਂ, ਸਮਾਜਿਕ-ਆਰਥਿਕ ਵਿਚਾਰਾਂ ਅਤੇ ਏਅਰਲਾਈਨ ਹਿੱਤ ਵਰਗੇ ਕਾਰਕਾਂ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਇੱਕ ਚੱਲ ਰਹੀ ਪ੍ਰਕਿਰਿਆ ਹੈ। ਗਰਾਊਂਡ ਹੈਂਡਲਿੰਗ ਸਟਾਫ ਦੁਆਰਾ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਬਾਰੇ ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ ਮੰਤਰਾਲੇ ਨੇ ਭਰੋਸਾ ਦਿੱਤਾ ਕਿ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਜ਼ਰੂਰੀ ਉਪਾਅ ਕੀਤੇ ਗਏ ਹਨ, ਜਿਸ ਵਿਚ ਡਿਊਟੀ ਟਰਮੀਨਲ ਮੈਨੇਜਰ ਅਤੇ ਸੀਆਈਐੱਸਐੱਫ ਕੰਟਰੋਲ ਰੂਮ ਲਈ ਸੰਪਰਕ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ, ਨਾਲ ਹੀ ਰਵਾਨਗੀ ਅਤੇ ਆਗਮਨ ਟਰਮੀਨਲਾਂ ਦੋਵਾਂ ‘ਤੇ ਸਮਰਪਿਤ ਹੈਲਪ ਡੈਸਕ ਸ਼ਾਮਲ ਹਨ। ਵ੍ਹੀਲਚੇਅਰ ਵਾਲੇ ਯਾਤਰੀਆਂ ਦੇ ਸ਼ੋਸ਼ਣ ਬਾਰੇ ਚਿੰਤਾਵਾਂ ਦੇ ਜਵਾਬ ਵਿਚ ਮੰਤਰਾਲੇ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਨੇ ਅੰਗਹੀਣਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਤੰਤਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਿਵਲ ਹਵਾਬਾਜ਼ੀ ਲਈ ਪਹੁੰਚ ਯੋਗਤਾ ਮਾਪਦੰਡ ਅਤੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ।



