ਅੰਮ੍ਰਿਤਸਰ ਜੇਲ੍ਹ ’ਚ ਰਚੀ ਗਈ ਰੂਮੀ ਦੇ ਸ਼ੋਅਰੂਮ ਮਾਲਕ ’ਤੇ ਫਾਇਰਿੰਗ ਦੀ ਸਾਜ਼ਿਸ਼
ਦੋ ਗੈਂਗਸਟਰਾਂ ਦਾ ਪੁਲਿਸ ਨੂੰ ਮਿਲਿਆ 14 ਤੱਕ ਦਾ ਰਿਮਾਂਡ

ਜਗਰਾਓਂ, 12 ਜੁਲਾਈ : ਜਗਰਾਓਂ ਦੇ ਪਿੰਡ ਰੂਮੀ ’ਚ 6 ਦਿਨ ਪਹਿਲਾਂ ਸੈਂਟਰੀ ਦੇ ਵੱਡੇ ਸ਼ੋਅ ਰੂਮ ਦੇ ਮਾਲਕ ’ਤੇ ਹੋਏ ਦੂਸਰੀ ਵਾਰ ਜਾਨ ਲੇਵਾ ਹਮਲੇ ਦੀ ਸਾਜਿਸ਼ ਅੰਮ੍ਰਿਤਸਰ ਦੀ ਜੇਲ੍ਹ ’ਚ ਰਚੀ ਗਈ। ਇਸ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਜਗਰਾਓਂ ਥਾਣਾ ਸਦਰ ਦੀ ਪੁਲਿਸ ਅੰਮ੍ਰਿਤਸਰ ਜੇਲ੍ਹ ’ਚ ਬੰਦ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਗਰਾਓਂ ਲੈ ਕੇ ਪੁੱਜੀ। ਪੁਲਿਸ ਨੇ ਦੋਵਾਂ ਨੂੰ ਅਦਾਲਤ ਪੇਸ਼ ’ਚ ਕਰ ਕੇ ਉਨ੍ਹਾਂ ਦਾ 14 ਜੁਲਾਈ ਤਕ ਪੁਲਿਸ ਰਿਮਾਂਡ ਹਾਸਲ ਕਰ ਲਿਆ। ਵਰਣਨਯੋਗ ਹੈ ਕਿ ਜਗਰਾਓਂ ਦੇ ਪਿੰਡ ਰੂਮੀ ’ਚ ਛੱਜਾਵਾਲ ਵਾਸੀ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦਾ ਗੁਰੂ ਨਾਨਕ ਸੈਨਟਰੀ ਤੇ ਹਾਰਡਵੇਅਰ ਸ਼ੋਅਰੂਮ ਹੈ। ਬੀਤੀ 5 ਜੁਲਾਈ ਦੀ ਰਾਤ ਨੂੰ ਜਤਿੰਦਰ ਸਿੰਘ ਸ਼ੋਅਰੂਮ ਬੰਦ ਕਰ ਕੇ ਆਪਣੀ ਗੱਡੀ ’ਚ ਪਿੰਡ ਛੱਜਾਵਾਲ ਜਾ ਰਿਹਾ ਸੀ ਤਾਂ ਰੂਮੀ ਤੋਂ ਛੱਜਾਵਾਲ ਸੜਕ ਮੋੜ ’ਤੇ ਹੀ ਪਹੁੰਚਿਆ ਸੀ ਕਿ ਮੋਟਰਸਾਈਕਲ ’ਤੇ ਖੜ੍ਹੇ ਦੋ ਵਿਅਕਤੀਆਂ ’ਚੋਂ ਇਕ ਨੇ ਪਰਨੇ ’ਚ ਲਕੋਇਆ ਪਿਸਟਲ ਕੱਢਿਆ ਤੇ ਉਸ ਵੱਲ ਫਾਇਰ ਕਰ ਦਿੱਤਾ, ਜਿਸ ’ਚ ਜਤਿੰਦਰ ਸਿੰਘ ਵਾਲ-ਵਾਲ ਬਚ ਗਿਆ ਅਤੇ ਗੋਲ਼ੀ ਡਰਾਈਵਰ ਤੇ ਕੰਡਕਟਰ ਸ਼ੀਸ਼ੇ ’ਚੋਂ ਆਰ-ਪਾਰ ਹੋ ਗਈ। ਇਸ ਮਾਮਲੇ ’ਚ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਜਾਂਚ ’ਚ ਪੁਲਿਸ ਨੇ ਵਾਰਦਾਤ ਵਾਲੀ ਰਾਤ ਮੌਕਾ ਮੁਆਇਨਾ ਕਰਦਿਆਂ ਮੋਬਾਈਲ ਤੇ ਟੈਕਨੀਕਲ ਜਾਂਚ ’ਚ ਮਿਲੇ ਸੁਰਾਗਾਂ ਤੋਂ ਬਾਅਦ ਅੰਮ੍ਰਿਤਸਰ ਜੇਲ੍ਹ ’ਚ ਦਸਤਕ ਦਿੱਤੀ। ਜੇਲ੍ਹ ’ਚ ਬੰਦ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਚੰਨਣਕੇ ਅੰਮ੍ਰਿਤਸਰ ਅਤੇ ਸੁਖਜਿੰਦਰ ਸਿੰਘ ਉਰਫ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਮੋਕੇ ਪਿੰਡ ਅੰਮ੍ਰਿਤਸਰ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਤੇ ਜਗਰਾਓਂ ਪੁੱਜੀ। ਜਗਰਾਓਂ ਅਦਾਲਤ ’ਚ ਦੋਵਾਂ ਗੈਂਗਸਟਰਾਂ ਦੇ ਕ੍ਰਿਮੀਨਲ ਰਿਕਾਰਡ ਦਾ ਹਵਾਲਾ ਦਿੰਦਿਆਂ ਪਿੰਡ ਰੂਮੀ ’ਚ ਹੋਈ ਵਾਰਦਾਤ ’ਚ ਹੱਥ ਹੋਣ ਦੇ ਮਾਮਲੇ ਦੀ ਜਾਂਚ ਲਈ ਰਿਮਾਂਡ ਮੰਗਿਆ। ਜਿਸ ’ਤੇ ਅਦਾਲਤ ਨੇ ਦੋਵਾਂ ਦਾ 14 ਜੁਲਾਈ ਤੱਕ ਪੁੱਛਗਿੱਛ ਲਈ ਰਿਮਾਂਡ ਦਿੱਤਾ। ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਜਲਦੀ ਪਿੰਡ ਰੂਮੀ ’ਚ ਵਾਪਰੀ ਵਾਰਦਾਤ ਦਾ ਪਰਦਾਫਾਸ਼ ਹੋਵੇਗਾ।



