Punjab

ਅੰਮ੍ਰਿਤਸਰ ’ਚ ਮੰਦਰ ’ਤੇ ਹਮਲੇ ਦੇ ਮੁਲਜ਼ਮ ਨੂੰ NIA ਨੇ ਬਿਹਾਰ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਇਸ ਜ਼ਿਲ੍ਹੇ ਦਾ ਹੈ ਵਸਨੀਕ

ਪਟਨਾ, 6 ਸਤੰਬਰ : ਇਸ ਸਾਲ ਮਾਰਚ ਵਿਚ ਅੰਮ੍ਰਿਤਸਰ ’ਚ ਮੰਦਰ ’ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਕਰ ਰਹੀ ਐੱਨਆਈਏ ਨੇ ਮਹੱਤਵਪੂਰਨ ਕਾਰਵਾਈ ਕਰਦਿਆਂ ਘਟਨਾ ਦੇ ਮੁੱਖ ਮੁਲਜ਼ਮਾਂ ਵਿਚੋਂ ਇਕ ਅੱਤਵਾਦੀ ਸ਼ਰਨਜੀਤ ਕੁਮਾਰ ਉਰਫ ਸੰਨੀ ਨੂੰ ਸ਼ੁੱਕਰਵਾਰ ਨੂੰ ਬਿਹਾਰ ਦੇ ਗਯਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਨਿਵਾਸੀ ਹੈ। ਐੱਨਆਈਏ ਨੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਉਸ ਨੂੰ ਗਯਾ ਦੇ ਸ਼ੇਰਘਾਟੀ ਇਲਾਕੇ ਦੇ ਲਾਈਨ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਸ਼ੇਰਘਾਟੀ ਦੇ ਥਾਣਾ ਇੰਚਾਰਜ ਅਜੀਤ ਕੁਮਾਰ ਨੇ ਵੀ ਸ਼ਰਨਜੀਤ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਐੱਨਆਈਏ ਮੁਤਾਬਕ, ਗ੍ਰਿਫ਼ਤਾਰ ਅੱਤਵਾਦੀ ਸ਼ਰਨਜੀਤ ਕੁਮਾਰ 15 ਮਾਰਚ ਨੂੰ ਅੰਮ੍ਰਿਤਸਰ ’ਚ ਮੰਦਰ ’ਤੇ ਗ੍ਰਨੇਡ ਨਾਲ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਅਤੇ ਉਸ ਨੂੰ ਅੰਜਾਮ ਦੇਣ ਵਿਚ ਸਰਗਰਮ ਰਿਹਾ ਸੀ। ਗ੍ਰਨੇਡ ਹਮਲਾ ਦੋ ਬਾਈਕ ਸਵਾਰ ਹਮਲਾਵਰਾਂ ਨੇ ਕੀਤਾ ਸੀ ਜੋ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਸ਼ਰਨਜੀਤ ਨੇ ਹਮਲੇ ਵਿਚ ਵਰਤੇ ਗਏ ਗ੍ਰਨੇਡ ਸਮੇਤ ਕਈ ਗ੍ਰਨੇਡ ਦੋਵਾਂ ਹਮਲਾਵਰਾਂ ਨੂੰ ਦਿੱਤੇ ਸਨ। ਐੱਨਆਈਏ ਦੀ ਜਾਂਚ ਵਿਚ ਹਮਲੇ ਦੇ ਅੰਤਰਰਾਸ਼ਟਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿਚ ਯੂਰਪ, ਅਮਰੀਕਾ ਤੇ ਕੈਨੇਡਾ ਦਾ ਵੀ ਸੰਪਰਕ ਸਾਹਮਣੇ ਆਇਆ ਹੈ। ਇਨ੍ਹਾਂ ਦੇਸ਼ਾਂ ਦੇ ਸੰਚਾਲਕਾਂ ਨੇ ਭਾਰਤ ਵਿਚ ਆਪਣੇ ਏਜੰਟਾਂ ਨੂੰ ਹਾਰਡਵੇਅਰ, ਧਨ, ਲਾਜਿਸਟਿਕ ਸਹਾਇਤਾ ਆਦਿ ਪ੍ਰਦਾਨ ਕੀਤੀ ਸੀ। ਐੱਨਆਈਏ ਮੁਤਾਬਕ, ਹਮਲਾਵਰ ਹੈਂਡ ਗ੍ਰਨੇਡ ਦੀਆਂ ਕਈ ਖੇਪਾਂ ਦੇ ਨਾਲ-ਨਾਲ ਹਥਿਆਰਾਂ ਤੇ ਗੋਲ਼ਾ-ਬਾਰੂਦ ਦੀ ਖ਼ਰੀਦ ਅਤੇ ਸਪਲਾਈ ਵਿਚ ਸ਼ਾਮਲ ਸਨ। ਸ਼ਰਨਜੀਤ ਨੂੰ ਪਹਿਲੀ ਮਾਰਚ 2025 ਨੂੰ ਬਟਾਲਾ, ਗੁਰਦਾਸਪੁਰ ਵਿਚ ਇਕ ਹੋਰ ਗ੍ਰਿਫ਼ਤਾਰ ਮੁਲਜ਼ਮ ਤੋਂ ਚਾਰ ਹੈਂਡ ਗ੍ਰਨੇਡ ਦੀ ਖੇਪ ਮਿਲੀ ਸੀ। ਬਦਲੇ ਵਿਚ ਉਸ ਨੇ ਹਮਲੇ ਤੋਂ ਦੋ ਦਿਨ ਪਹਿਲਾਂ ਦੋਵਾਂ ਹਮਲਾਵਰਾਂ ਨੂੰ ਗ੍ਰਨੇਡ ਸੌਂਪੇ ਸਨ। ਇਕ ਮਹੀਨਾ ਪਹਿਲਾਂ ਐੱਨਆਈਏ ਵੱਲੋਂ ਇਲਾਕੇ ਦੀ ਤਲਾਸ਼ੀ ਲੈਣ ਤੋਂ ਬਾਅਦ ਸ਼ਰਨਜੀਤ ਬਟਾਲਾ ਤੋਂ ਫ਼ਰਾਰ ਹੋ ਗਿਆ ਸੀ।

Related Articles

Leave a Reply

Your email address will not be published. Required fields are marked *

Back to top button