
ਅੰਮ੍ਰਿਤਸਰ, 7 ਨਵੰਬਰ : ਵੀਰਵਾਰ ਸ਼ਾਮ ਸੁਲਤਾਨਵਿੰਡ ਰੋਡ ਸਥਿਤ ਸੁਕੇ ਤਲਾਬ ਵਾਲੇ ਮੰਦਿਰ ਤੋਂ ਕੁਝ ਕੁ ਦੂਰੀ ‘ਤੇ ਸਥਿਤ ਇਕ ਬਿਜਲੀ ਦੇ ਟਰਾਂਸਫਾਰਮਰ ਵਿਚ ਬਲਾਸਟ ਹੋਣ ਕਰਕੇ ਨਜ਼ਦੀਕ ਸਥਿਤ ਰਜਾਈਆਂ ਤਲਾਈਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੁਕਾਨਦਾਰ ਇਰਫ਼ਾਨ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਵੇਰ ਤੋਂ ਬਿਜਲੀ ਮੁਲਾਜ਼ਮ ਇਸ ਟਰਾਂਸਫਰ ਦੀ ਰਿਪੇਅਰ ਕਰ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਇਸ ਟਰਾਂਸਫਾਰਮਰ ਦਾ ਸਵਿੱਚ ਆਨ ਕੀਤਾ ਤਾਂ ਇਸ ਵਿੱਚ ਇੱਕ ਧਮਾਕਾ ਹੋਇਆ ਜਿਸ ‘ਚੋਂ ਚੰਗਿਆੜੀਆਂ ਨਿਕਲਣ ਕਾਰਨ ਪੂਰੀ ਦੁਕਾਨ ਨੂੰ ਅੱਗ ਲੱਗ ਗਈ, ਅੱਗ ਲੱਗਦਿਆਂ ਹੀ ਪਹਿਲਾਂ ਤਾਂ ਉਹ ਸਾਰੇ ਵਰਕਰ ਆਪਣੀ ਜਾਨ ਬਚਾਉਣ ਲਈ ਦੁਕਾਨ ਤੋਂ ਬਾਹਰ ਨੂੰ ਭੱਜੇ ਉਪਰੰਤ ਉਨ੍ਹਾਂ ਨੇ ਬੜੀ ਮੁਸ਼ਕਤ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਉਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਮੀਡੀਆ ਰਾਹੀਂ ਮੰਗ ਕੀਤੀ ਕਿ ਉਨ੍ਹਾਂ ਦਾ ਇਹੀ ਰੁਜ਼ਗਾਰ ਸੀ ਅਤੇ ਐਨਾ ਨੁਕਸਾਨ ਹੋਣਾਂ ਕਰਕੇ ਉਨ੍ਹਾਂ ਦੀ ਰੋਜ਼ੀ ਪ੍ਰਭਾਵਿਤ ਹੋ ਗਈ ਹੈ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਉਨ੍ਹਾਂ ਨੇ ਆਨਲਾਈਨ ਬਿਜਲੀ ਵਿਭਾਗ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਅਤੇ ਨਾਲ ਹੀ ਸਬੰਧਿਤ ਪੁਲਿਸ ਥਾਣੇ ਵਿਚ ਸੂਚਨਾ ਦਿੱਤੀ।
ਕੀ ਕਹਿਣਾ ਹੈ ਐੱਸਡੀਓ ਦਾ
ਐੱਸਡੀਓ ਸਬ ਡਵੀਜ਼ਨ ਸੁਲਤਾਨਵਿੰਡ ਰਜਵੰਤ ਸਿੰਘ ਨੇ ਦੱਸਿਆ ਕਿ ਟ੍ਰਾਂਸਫਾਰਮਰ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਅਤੇ ਜਦੋਂ ਇਸ ਦੀ ਬਿਜਲੀ ਚਾਲੂ ਕੀਤੀ ਤਾਂ ਟ੍ਰਾਂਸਫਾਰਮਰ ਫਲੈਸ਼ ਹੀ ਗਿਆ। ਉਨ੍ਹਾਂ ਕਿਹਾ ਕਿ ਦੁਕਾਨਦਾਰ ਨੇ ਰਜਾਈਆਂ ਤੇ ਤਲਾਈਆਂ ਸੜਕ ਉਤੇ ਹੀ ਰੱਖੀਆਂ ਹੋਈਆਂ ਸਨ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਕੋਈ ਅਰਜ਼ੀ ਦਿੰਦਾ ਹੈ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।



