Punjab

ਅੰਮ੍ਰਿਤਸਰ ‘ਚ ਕੁੜੀਆਂ ਨੂੰ ਛੇੜਨ ਤੋਂ ਰੋਕਿਆ ਤਾਂ ਨੌਜਵਾਨ ‘ਤੇ ਕਰ’ਤਾ ਹਮਲਾ, ਸਿਰ ‘ਚ ਲੱਗੇ 17 ਟਾਂਕੇ; ਬਾਂਹ ਵੀ ਤੋੜੀ

ਅੰਮ੍ਰਿਤਸਰ, 20 ਜੁਲਾਈ : ਜ਼ਿਲ੍ਹੇ ‘ਚ ਗਲੀਆਂ ‘ਚ ਕੁੜੀਆਂ ਨੂੰ ਛੇੜਨ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪੀੜਤ ਦੇ ਸਿਰ ‘ਤੇ 17 ਟਾਂਕੇ ਲੱਗੇ ਹਨ ਤੇ ਇਕ ਬਾਂਹ ਵੀ ਫ੍ਰੈਕਚਰ ਹੋਈ ਹੈ। ਜਦੋਂ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸਟੇਸ਼ਨ ਚਾਟੀਵਿੰਡ ‘ਚ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲਿਸ ‘ਤੇ ਬਦਸਲੂਕੀ ਅਤੇ ਰਿਪੋਰਟ ਦਰਜ ਨਾ ਕਰਨ ਦਾ ਦੋਸ਼ ਲਗਾਇਆ। ਜ਼ਖ਼ਮੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਗੁਰੂਵਾਲੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸਕੂਲ ਨੇੜੇ ਪਿੰਡ ਦੇ ਨੌਜਵਾਨ ਯੁਵਰਾਜ ਸਿੰਘ ਤੇ ਉਸ ਦੇ ਕੁਝ ਦੋਸਤ ਕੁੜੀਆਂ ਨਾਲ ਛੇੜਛਾੜ ਕਰਦੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਅੰਮ੍ਰਿਤਪਾਲ ਨੇ ਦੱਸਿਆ ਕਿ ਜਦੋਂ ਉਹ ਸ਼ੁੱਕਰਵਾਰ ਰਾਤ ਕਰੀਬ 8 ਵਜੇ ਦੁਕਾਨ ਤੋਂ ਦੁੱਧ ਲੈਣ ਜਾ ਰਿਹਾ ਸੀ ਤਾਂ ਯੁਵਰਾਜ ਸਿੰਘ, ਵੰਸ਼, ਆਕਾਸ਼, ਜੈੱਸੀ, ਕੁੱਦੂ ਤੇ 10-15 ਅਣਜਾਣ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਪਿਸਤੌਲ ਦੇ ਬੱਟ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਸਿਰ ‘ਤੇ 17 ਟਾਂਕੇ ਲੱਗੇ ਤੇ ਇਕ ਬਾਂਹ ਵੀ ਫ੍ਰੈਕਚਰ ਹੋ ਗਈ। ਉਸ ਨੇ ਦੱਸਿਆ ਕਿ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਹਮਲਾਵਰ ਫਰਾਰ ਹੋ ਗਏ। ਜਾਂਦੇ ਹੋਏ ਉਨ੍ਹਾਂ ਨੇ ਜ਼ਖ਼ਮੀ ਨੌਜਵਾਨ ਦਾ ਮੋਬਾਈਲ ਫੋਨ ਅਤੇ 20 ਹਜ਼ਾਰ ਰੁਪਏ ਵੀ ਖੋਹ ਲਏ। ਜਦੋਂ ਉਹ ਚਾਟੀਵਿੰਡ ਪੁਲਿਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਉਣ ਗਏ, ਤਾਂ ਪੁਲਿਸ ਨੇ ਉਨ੍ਹਾਂ ਦੀ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ, ਬਲਕਿ ਉਨ੍ਹਾਂ ਨਾਲ ਬਦਸਲੂਕੀ ਕਰਦੇ ਹੋਏ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਮੌਕੇ ਰੰਗਰੇਟਾ ਯੂਥ ਏਕਤਾ ਪੰਜਾਬ ਦੇ ਨਿਰਮਲ ਸਿੰਘ, ਚੇਅਰਮੈਨ ਪ੍ਰਭਦੀਪ ਸਿੰਘ ਭੀਮ ਅਤੇ ਜ਼ਿਲ੍ਹਾ ਚੇਅਰਮੈਨ ਸੋਨੂ ਚੌਹਾਨ ਨੇ ਕਿਹਾ ਕਿ ਪੀੜਤ ਪਰਿਵਾਰ ਨਾਲ ਅਜਿਹਾ ਵਿਹਾਰ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਤਿੰਨ ਦਿਨਾਂ ਦੇ ਅੰਦਰ ਉਕਤ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫਤਾਰੀ ਨਹੀਂ ਕੀਤੀ ਤਾਂ ਉਹ ਸੰਘਰਸ਼ ਦਾ ਐਲਾਨ ਕਰਕੇ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ‘ਤੇ ਥਾਣਾ ਇੰਚਾਰਜ ਸਿਮਰਨ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਇਸ ਦੀ ਤੁਰੰਤ ਜਾਂਚ ਕਰ ਕੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨਗੇ ਅਤੇ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਵੀ ਜਾਂਚ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਲਾਉਣਗੇ।

Related Articles

Leave a Reply

Your email address will not be published. Required fields are marked *

Back to top button