ਅੰਮ੍ਰਿਤਸਰ ‘ਚ ਇਨਸਾਨੀਅਤ ਸ਼ਰਮਸਾਰ! ਜ਼ਖਮੀ ਦੀ ਮਦਦ ਬਹਾਨੇ ਜੇਬ ‘ਚੋਂ ਕੱਢੇ 2 ਲੱਖ, CCTV ‘ਚ ਕੈਦ ਮੁਲਜ਼ਮ ਦੀ ਤਸਵੀਰ

ਅੰਮ੍ਰਿਤਸਰ, 18 ਜਨਵਰੀ– ਸਿਵਲ ਲਾਈਨ ਥਾਣੇ ਅਧੀਨ ਆਉਂਦੇ ਐਲਬਰਟ ਰੋਡ ਤੇ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਕਾਰੋਬਾਰੀ ਰਵੀ ਮਹਾਜਨ ਦੀ ਮਦਦ ਕਰਨ ਆਏ ਇਕ ਨੌਜਵਾਨ ਨੇ ਉਸ ਦੀ ਜੇਬ ਵਿੱਚੋਂ 2 ਲੱਖ ਰੁਪਏ ਚੋਰੀ ਕਰ ਲਏ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪਰਿਵਾਰ ਅਤੇ ਪੁਲਿਸ ਪੈਸੇ ਚੋਰੀ ਕਰਨ ਵਾਲੇ ਸ਼ੱਕੀ ਦੀ ਭਾਲ ਕਰ ਰਹੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨਾਲ ਗੱਲ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਅੰਕਿਤ ਮਹਾਜਨ ਨੇ ਦੱਸਿਆ ਕਿ ਉਸ ਦੇ ਮਾਮਾ ਰਵੀ ਮਹਾਜਨ ਹੋਲੀ ਸਿਟੀ ਕਾਲੋਨੀ ਵਿਚ ਰਹਿੰਦੇ ਹਨ। ਉਹਨਾਂ ਦਾ ਕੰਬਲ ਦਾ ਕਾਰੋਬਾਰ ਮਹਾਂ ਸਿੰਘ ਗੇਟ ਦੇ ਨੇੜੇ ਹੈ ਅਤੇ ਉਹ ਹਰ ਰੋਜ਼ ਸਵੇਰੇ ਕੰਮ ’ਤੇ ਜਾਂਦੇ ਹਨ ਅਤੇ ਰਾਤ ਨੂੰ 9 ਵਜੇ ਦੇ ਕਰੀਬ ਘਰ ਵਾਪਸ ਆਉਂਦੇ ਹਨ। ਬੁੱਧਵਾਰ ਸ਼ਾਮ ਨੂੰ ਉਨ੍ਹਾਂ ਨੂੰ 2 ਲੱਖ ਰੁਪਏ ਉਗਰਾਹੀ ਦੇ ਇਕੱਠੇ ਹੋਏ ਸਨ। ਰਾਤ 9.15 ਵਜੇ ਦੁਕਾਨ ਬੰਦ ਕਰਨ ਤੋਂ ਬਾਅਦ ਉਹ ਆਪਣੀ ਜੈਕੇਟ ਦੀ ਜੇਬ ਵਿਚ ਪੈਸੇ ਲੈ ਕੇ ਘਰ ਪਹੁੰਚ ਰਹੇ ਸਨ। ਰਸਤੇ ਵਿਚ ਐਲਬਰਟ ਰੋਡ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਹ ਸੜਕ ’ਤੇ ਡਿੱਗ ਗਏ। ਉਨ੍ਹਾਂ ਦੇ ਚਿਹਰੇ ਅਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦਾ ਮਾਮਾ ਅੱਧੇ ਘੰਟੇ ਤੱਕ ਸੜਕ ਤੇ ਡਿਗੇ ਰਹੇ।ਇਸ ਦੌਰਾਨ ਇਕ ਰਾਹਗੀਰ ਨੇ ਉਹਨਾਂ ਨੂੰ ਮਦਦ ਲਈ ਚੁੱਕਿਆ ਅਤੇ ਨੇੜਲੇ ਹਸਪਤਾਲ ਲੈ ਗਿਆ, ਮਾਮਾ ਬੇਹੋਸ਼ ਸੀ। ਹਸਪਤਾਲ ਦੇ ਸਟਾਫ਼ ਦੀਆਂ ਅੱਖਾਂ ਵਿੱਚ ਧੂੜ ਪਾ ਕੇ, ਮਦਦ ਕਰ ਰਹੇ ਵਿਅਕਤੀ ਨੇ ਮੌਕਾ ਮਿਲਦੇ ਹੀ ਮਾਮਾ ਰਵੀ ਮਹਾਜਨ ਦੀ ਜੇਬ ਵਿਚੋਂ ਦੋ ਲੱਖ ਰੁਪਏ ਕੱਢ ਕੇ ਆਪਣੀ ਜੈਕੇਟ ਦੀ ਜੇਬ ਵਿਚ ਲੁਕਾ ਲਏ ਅਤੇ ਉੱਥੋਂ ਚਲਾ ਗਿਆ।



