ਅੰਮ੍ਰਿਤਪਾਲ ਸਿੰਘ ਨੇ ਪੈਸਿਆਂ ਲਈ ਕੀਤੀ ਦੇਸ਼ ਨਾਲ ਗਦਾਰੀ, ਫੌ਼ਜ ਦੇ ਹੈੱਡਕੁਆਰਟਰ ਬਾਰੇ ISI ਨੂੰ ਭੇਜੀ ਸੀ ਜਾਣਕਾਰੀ

ਅੰਮ੍ਰਿਤਸਰ, 8 ਫਰਵਰੀ– ਪਾਕਿਸਤਾਨ ਦੀ ਖੁਫ਼ੀਆ ਏਜੰਸੀ ਅਤੇ ਖ਼ਤਰਨਾਕ ਏਜੰਸੀ ਆਈਐੱਸਆਈ ਨਾਲ ਭਾਰਤੀ ਫੌ਼ਜ ਦੇ ਠਿਕਾਣਿਆਂ ਦੀ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਹਿਰਾਸਤ ਵਿਚ ਕਈ ਰਾਜ਼ ਖੋਲ੍ਹੇ ਹਨ। ਮੁਲਜ਼ਮ ਨੇ ਮੰਨਿਆ ਹੈ ਕਿ ਉਹ ਸਾਲ 2014 ਵਿਚ ਫੌ਼ਜ ਵਿਚ ਕਾਂਸਟੇਬਲ ਵਜੋਂ ਕੰਮ ਕਰ ਰਿਹਾ ਸੀ। ਦੋ ਸਾਲ ਪਹਿਲਾਂ ਉਹ ਇੰਟਰਨੈੱਟ ਮੀਡੀਆ ਰਾਹੀਂ ਆਈਐੱਸਆਈ ਦੀ ਮਹਿਲਾ ਏਜੰਟ ਭਾਨੋ ਨੂੰ ਮਿਲਿਆ। ਭਾਨੋ ਬੇਗਮ ਨੇ ਉਸ ਨੂੰ ਭਾਰਤੀ ਫੌ਼ਜ ਬਾਰੇ ਜਾਣਕਾਰੀ ਦੇਣ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ ਸੀ। ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਨੇ ਜੰਮੂ ਦੇ ਅਖਨੂਰ, ਅਸਾਮ ਅਤੇ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਸਥਿਤ ਫੌ਼ਜ ਹੈੱਡਕੁਆਰਟਰ ਨਾਲ ਸਬੰਧਤ ਜਾਣਕਾਰੀ ਵ੍ਹਟਸਐਪ ’ਤੇ ਆਈਐੱਸਆਈ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਭਾਨੋ ਬੇਗਮ ਦੇ ਕਹਿਣ ’ਤੇ ਕਿਸੇ ਨੇ ਉਸ ਨੂੰ ਦੋ ਲੱਖ ਰੁਪਏ ਦਿੱਤੇ ਸਨ। ਉਸ ਨੂੰ ਇਹ ਦੋ ਲੱਖ ਰੁਪਏ ਫਿਰੋਜ਼ਪੁਰ ਤੋਂ ਮਿਲੇ ਸਨ। ਆਈਐੱਸਆਈ ਏਜੰਟ ਦੇ ਕਹਿਣ ’ਤੇ ਭਾਰਤ ਵਿਚ ਰਹਿਣ ਵਾਲੇ ਉਸ ਦੇ ਇੱਕ ਸਾਥੀ ਨੇ ਪੈਸੇ ਦੀ ਇਹ ਖੇਪ ਫਿਰੋਜ਼ਪੁਰ ਦੇ ਇਕ ਉਜਾੜ ਇਲਾਕੇ ਵਿਚ ਇਕ ਖੇਤ ’ਚ ਰੱਖੀ ਸੀ, ਜਿਸ ਨੂੰ ਚੁੱਕਣ ਤੋਂ ਬਾਅਦ ਉਹ ਸਿੱਧਾ ਤਰਨਤਾਰਨ ਸਥਿਤ ਆਪਣੇ ਘਰ ਚਲਾ ਗਿਆ ਸੀ।
ਮਿਲਟਰੀ ਇੰਟੈਲੀਜੈਂਸ ਅਧਿਕਾਰੀ ਵੀ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ ਪੁੱਜੇ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਜ਼ਲਮ ਨੇ ਆਪਣੇ ਵ੍ਹਟਸਐਪ ਰਾਹੀਂ ਤਿੰਨ ਥਾਵਾਂ ’ਤੇ ਸਥਿਤ ਫੌ਼ਜੀ ਠਿਕਾਣਿਆਂ ਦੇ ਨਕਸ਼ੇ, ਅਹੁਦੇ, ਅਧਿਕਾਰੀਆਂ ਦੀ ਤਾਇਨਾਤੀ, ਹਥਿਆਰ, ਟੈਂਕ ਅਤੇ ਤੋਪਾਂ ਦੀ ਜਾਣਕਾਰੀ ਭੇਜੀਆਂ ਸਨ। ਪੁਲਿਸ ਨੇ ਰਿਕਾਰਡ ਪ੍ਰਾਪਤ ਕਰਨ ਲਈ ਗ੍ਰਹਿ ਵਿਭਾਗ ਨੂੰ ਲਿਖਿਆ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਦੇ ਮੋਬਾਈਲ ਦਾ ਸਾਰਾ ਰਿਕਾਰਡ ਪੁਲਿਸ ਤੱਕ ਪਹੁੰਚ ਜਾਵੇਗਾ। ਸ਼ੁੱਕਰਵਾਰ ਦੁਪਹਿਰ ਨੂੰ ਮਿਲਟਰੀ ਇੰਟੈਲੀਜੈਂਸ ਅਧਿਕਾਰੀ ਵੀ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਪਹੁੰਚੇ। ਅੰਮ੍ਰਿਤਪਾਲ ਸਿੰਘ ਤੋਂ ਲਗਭਗ 4 ਘੰਟੇ ਪੁੱਛਗਿੱਛ ਕੀਤੀ ਗਈ। ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਦੂਜੇ ਸਾਥੀ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਪੁਲਿਸ ਟੀਮ ਨਾਸਿਕ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਚੌਹਾਲਾ ਸਾਹਿਬ ਦੇ ਪਿੰਡ ਚੰਬਾ ਕਲਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਦੋ ਸਾਥੀ ਮਾਧਵ ਸ਼ਰਮਾ ਅਤੇ ਮਨਦੀਪ ਸਿੰਘ ਉਰਫ਼ ਮੈਂਡੀ ਸਮੇਤ ਅੱਧਾ ਕਿੱਲੋ ਹੈਰੋਇਨ, ਇੱਕ ਪਿਸਤੌਲ ਅਤੇ 10 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਰਾਜਬੀਰ ਦੀ ਗ੍ਰਿਫ਼ਤਾਰੀ ਨਾਲ ਭੇਦ ਖੁੱਲ੍ਹਣਗੇ
ਪੁਲਿਸ ਨਾਸਿਕ ਆਰਮੀ ਹੈੱਡਕੁਆਰਟਰ ’ਚ ਤਾਇਨਾਤ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਹੋ ਗਈ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਵਾਂਗ ਰਾਜਬੀਰ ਸਿੰਘ ਵੀ ਕਿਸੇ ਆਈਐੱਸਆਈ ਏਜੰਟ ਦੇ ਸੰਪਰਕ ਵਿਚ ਹੈ। ਮੁਲਜ਼ਮ ਨੇ ਦੁਸ਼ਮਣ ਦੇਸ਼ ਨੂੰ ਫੌ਼ਜ ਹੈੱਡਕੁਆਰਟਰ ਨਾਲ ਸਬੰਧਤ ਨਕਸ਼ੇ ਤੇ ਹੋਰ ਜਾਣਕਾਰੀ ਵੀ ਵੇਚੀ ਹੈ।



