
ਬਠਿੰਡਾ, 8 ਅਕਤੂਬਰ : ਬੇਮੌਸਮੀ ਬਾਰਸ਼ ਤੇ ਝੱਖੜ ਕਾਰਨ ਸੂਬੇ ’ਚ ਜਿੱਥੇ ਝੋਨੇ ਤੇ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਦਾਣਾ ਮੰਡੀਆਂ ’ਚ ਵਿਕਣ ਲਈ ਆਇਆ ਝੋਨਾ ਖ਼ਰਾਬ ਹੋਣ ਦਾ ਖਦਸ਼ਾ ਹੈ। ਦੋ ਦਿਨਾਂ ਤੋਂ ਲਗਾਤਾਰ ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਅਗੇਤੀ ਫਸਲ ਧਰਤੀ ’ਤੇ ਵਿਛ ਗਈ ਹੈ, ਜਦਕਿ ਖਿੜ ਚੁੱਕੀ ਨਰਮੇ ਦੀ ਫਸਲ ਦੀ ਗੁਣਵੱਤਾ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਭਾਵੇਂ ਸੂਬੇ ਦੇ ਕੁਝ ਖੇਤਰਾਂ ’ਚ ਝੋਨੇ ਦੀ ਵਾਢੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ, ਉੱਥੇ ਹੀ ਮਾਲਵਾ ਖੇਤਰ ਵਿੱਚ ਵੀ ਝੋਨੇ ਦੀ ਵਾਢੀ ਨੇ ਜ਼ੋਰ ਫੜਿਆ ਸੀ ਪਰ ਦੋ ਦਿਨ ਲਗਾਤਾਰ ਮੀਂਹ ਪੈਣ ਕਾਰਨ ਸੂਬੇ ’ਚ ਝੋਨੇ ਦੀ ਵਾਢੀ ਦਾ ਕੰਮ ਇਕ ਵਾਰ ਰੁਕ ਗਿਆ ਹੈ। ਪੰਜਾਬ ਦੀਆਂ ਕਈ ਦਾਣਾ ਮੰਡੀਆਂ ’ਚ ਝੋਨੇ ਦੀ ਵੱਡੇ ਪੱਧਰ ’ਤੇ ਫਸਲ ਵਿਕਣ ਲਈ ਪੁੱਜੀ ਹੈ। ਹਾਲਾਂਕਿ ਮਾਲਵਾ ਖੇਤਰ ’ਚ ਅਜੇ ਝੋਨੇ ਦੀ ਵਾਢੀ ਥੋੜ੍ਹੀ ਲੇਟ ਸ਼ੁਰੂ ਹੋਈ ਹੈ, ਜਿਸ ਕਾਰਨ ਦਾਣਾ ਮੰਡੀਆਂ ’ਚ ਝੋਨੇ ਦੀ ਫਸਲ ਵਿਕਣ ਲਈ ਪੁੱਜੀ ਹੈ। ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਬਹੁਤੇ ਖੇਤਰਾਂ ’ਚ ਭਾਰੀ ਮੀਂਹ ਪਿਆ ਅਤੇ ਝੱਖੜ ਵੀ ਚੱਲਿਆ ਜਿਸ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਅਗੇਤੀ ਫਸਲ ਵਿਛ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਜਿੱਥੇ ਝੋਨੇ ਦੀ ਡਿੱਗੀ ਫਸਲ ਦੇ ਦਾਣੇ ਬਦਰੰਗ ਹੋ ਸਕਦੇ ਹਨ, ਉਥੇ ਹੀ ਉਨ੍ਹਾਂ ਨੂੰ ਝੋਨੇ ਦੀ ਵਾਢੀ ਦੇ ਵੱਧ ਪੈਸੇ ਦੇਣੇ ਪੈਣਗੇ। ਇਸ ਤਰ੍ਹਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ’ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਥੇ ਹੀ ਕਿਸਾਨਾਂ ਨੂੰ ਦੋਹਰੀ ਆਰਥਿਕ ਮਾਰ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੀਆਂ ਦਾਣਾ ਮੰਡੀਆਂ ’ਚ ਵਿਕਣ ਲਈ ਆਈ ਝੋਨੇ ਦੀ ਫਸਲ ਮੀਂਹ ਕਾਰਨ ਗਿੱਲੀ ਹੋ ਗਈ ਹੈ ਅਤੇ ਫਸਲ ਦੇ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ। ਹਾਲਾਂਕਿ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਕਾਫੀ ਜੱਦੋ-ਜਹਿਦ ਕੀਤੀ ਪਰ ਫਿਰ ਵੀ ਝੋਨੇ ਦੀ ਫਸਲ ਲਗਾਤਾਰ ਤਿੰਨ ਦਿਨ ਮੀਂਹ ਪੈਣ ਕਾਰਨ ਭਿੱਜ ਗਈ ਹੈ। ਖ਼ਰਾਬ ਮੌਸਮ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ ਇਕ-ਦੋ ਦਿਨ ਹੋਰ ਮੀਂਹ ਪੈ ਸਕਦਾ ਹੈ, ਜਿਸ ਕਾਰਨ ਫਸਲਾਂ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ।
ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾ ਰਿਹੈ ਜਾਇਜ਼ਾ : ਖੁੱਡੀਆਂ
ਇਸ ਤੋਂ ਪਹਿਲਾਂ ਸਰਹੱਦੀ ਖੇਤਰ ਅੰਦਰ ਆਏ ਹੜ੍ਹਾਂ ਨੇ ਫਸਲਾਂ, ਮਕਾਨਾਂ ਤੇ ਡੰਗਰਾਂ ਦਾ ਵੱਡਾ ਨੁਕਸਾਨ ਕੀਤਾ ਹੈ। ਜਿਹੜੇ ਖੇਤਰਾਂ ’ਚ ਝੋਨੇ ਦੀ ਫਸਲ ਬਚੀ ਸੀ, ਉਨ੍ਹਾਂ ਖੇਤਰਾਂ ’ਚ ਬੇਮੌਸਮੇ ਮੀਂਹ ਪੈਣ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਬੇਮੌਸਮੇ ਮੀਂਹ ਅਤੇ ਝੱਖੜ ਨਾਲ ਕੁਝ ਥਾਵਾਂ ’ਤੇ ਫਸਲ ਪ੍ਰਭਾਵਿਤ ਹੋਈ ਹੈ ਅਤੇ ਦਾਣਾ ਮੰਡੀਆਂ ’ਚ ਵਿਕਣ ਲਈ ਆਇਆ ਝੋਨਾ ਗਿੱਲਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੜ੍ਹਾਂ ਕਾਰਨ ਕਰੀਬ 5 ਲੱਖ ਏਕੜ ਫਸਲ ਬਰਬਾਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਪੰਜਾਬ ਸਰਕਾਰ ਪੀੜਤਾਂ ਦੇ ਮੁੜ ਵਸੇਬੇ ’ਚ ਲੱਗੀ ਹੋਈ ਹੈ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਰੀਬ 15 ਹਜ਼ਾਰ ਏਕੜ ਰਕਬੇ ’ਚ ਬੀਜੇ ਕਮਾਦ ਤੋਂ ਇਲਾਵਾ ਬਾਗ ਅਤੇ ਹੋਰ ਫਸਲਾਂ ਵੀ ਬਰਬਾਦ ਹੋਈਆਂ ਹਨ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਸ ਦੀ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਰਹੱਦੀ ਖੇਤਰ ’ਚ ਹੜ੍ਹਾਂ ਤੋਂ ਬਾਅਦ ਬਚੇ ਕਰੀਬ 2.75 ਲੱਖ ਪਸ਼ੂਆਂ ਦਾ ਟੀਕਾਕਰਨ ਕਰਵਾਇਆ ਗਿਆ ਹੈ ਤਾਂ ਜੋ ਕੋਈ ਹੋਰ ਬਿਮਾਰੀ ਪਸ਼ੂਆਂ ’ਚ ਨਾ ਫੈਲੇ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲਗਾਤਾਰ ਕੈਂਪ ਲਗਾ ਕੇ ਪਸ਼ੂਆਂ ਦਾ ਟੀਕਾਕਰਨ ਕਰ ਰਹੀਆਂ ਹਨ। ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਚੱਲਦਿਆਂ 15 ਅਕਤੂਬਰ ਤੋਂ ਕਿਸਾਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਬਾਸਮਤੀ ਝੋਨੇ ਦਾ ਹੋਇਆ ਸਭ ਤੋਂ ਵੱਧ ਨੁਕਸਾਨ : ਕਿਸਾਨ ਬਲਵੀਰ ਸਿੰਘ
ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਬਾਸਮਤੀ ਝੋਨੇ ਦਾ ਹੋਇਆ ਹੈ। ਬਾਸਮਤੀ ਝੋਨੇ ਦੀ ਇਹ ਕਿਸਮ ਅਗੇਤੀ ਹੋਣ ਕਰਕੇ ਕੱਦ ਜ਼ਿਆਦਾ ਵਧਣ ਕਰ ਕੇ ਹੀ ਹਨੇਰੀ ਅਤੇ ਮੀਂਹ ਕਾਰਨ ਧਰਤੀ ’ਤੇ ਵਿਛ ਚੁੱਕੀ ਹੈ। ਪੱਕਣ ਕੰਢੇ ਆਈ ਫਸਲ ਧਰਤੀ ’ਤੇ ਵਿਛਣ ਕਰ ਕੇ ਅਗਲੇ ਦਿਨਾਂ ’ਚ ਝੋਨੇ ਦਾ ਦਾਣਾ ਕਾਲਾ ਪੈ ਜਾਵੇਗਾ ਤੇ ਦਾਣਾ ਧਰਤੀ ’ਚ ਦੁਬਾਰਾ ਪੁੰਗਰਨ ਲੱਗ ਪਵੇਗਾ। ਇਸ ਤੋਂ ਇਲਾਵਾ ਝੋਨੇ ਦੀ ਕਟਾਈ ਵੀ ਮਹਿੰਗੀ ਪਵੇਗੀ, ਜਿਸ ਕਾਰਨ ਮੌਸਮ ਦਾ ਮਿਜ਼ਾਜ ਵਿਗੜ ਜਾਣ ਕਰ ਕੇ ਕਿਸਾਨ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਦੱਸਿਆ ਕਿ ਮਾਲਵਾ ਪੱਟੀ ਕਪਾਹ ਦੀ ਪੱਟੀ ਮੰਨੀ ਜਾਂਦੀ ਰਹੀ ਹੈ ਪਰ ਇਸ ਵਾਰ ਭਾਵੇਂ ਫਸਲ ਠੀਕ ਰਹੀ ਪਰ ਹੁਣ ਬੇਮੌਸਮੇ ਮੀਂਹ ਕਾਰਨ ਨਰਮੇ ਦੀ ਫਸਲ ਦੀ ਗੁਣਵੱਤਾ ’ਤੇ ਅਸਰ ਪੈ ਸਕਦਾ ਹੈ।



