
ਲੁਧਿਆਣਾ, 13 ਮਈ- ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ 2 ਅਜਿਹੇ ਵਿਅਕਤੀਆਂ ਖ਼ਿਲਾਫ਼ ਮੁਕਦਮੇ ਦਰਜ ਕੀਤੇ ਹਨ, ਜਿਨ੍ਹਾਂ ਨੇ ਅਸਲਾ ਲਾਇਸੰਸ ਹਾਸਿਲ ਕਰਨ ਲਈ ਜਾਅਲੀ ਮੈਡੀਕਲ ਰਿਪੋਰਟ ਦਾ ਸਹਾਰਾ ਲਿਆ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਰ ਨੰਬਰ 5 ਦੀ ਪੁਲਿਸ ਨੇ ਦੱਸਿਆ ਕਿ ਸਾਹਨੇਵਾਲ ਦੇ ਪੁਰਾਣਾ ਬਾਜ਼ਾਰ ਦੇ ਰਹਿਣ ਵਾਲੇ ਲਲਿਤ ਕੁਮਾਰ ਨੇ ਆਪਣਾ ਅਸਲਾ ਲਾਇਸੰਸ ਬਣਵਾਉਣ ਲਈ ਪੁਲਿਸ ਕਮਿਸ਼ਨਰ ਦਫਤਰ ਵਿੱਚ ਅਰਜ਼ੀ ਦਾਖਲ ਕੀਤੀ। ਮੁਲਜਮ ਨੇ ਦਸਤਾਵੇਜ਼ਾਂ ਵਿੱਚ ਫਰਜ਼ੀ ਮੈਡੀਕਲ ਰਿਪੋਰਟ ਲਗਾ ਦਿੱਤੀ। ਏਸੀਪੀ ਲਾਇਸੰਸਿੰਗ ਬਰਾਂਚ ਵੱਲੋਂ ਕੀਤੀ ਗਈ ਪੜਤਾਲ ਦੇ ਦੌਰਾਨ ਫਰਜ਼ੀ ਰਿਪੋਰਟ ਦਾ ਸਾਰਾ ਸੱਚ ਸਾਹਮਣੇ ਆ ਗਿਆ। ਇਸੇ ਤਰ੍ਹਾਂ ਮਾਡਲ ਟਾਊਨ ਲੁਧਿਆਣਾ ਦੇ ਰਹਿਣ ਵਾਲੇ ਗੁਰਨਿਹਾਲ ਸਿੰਘ ਗਰਚਾ ਨੇ ਅਸਲਾ ਲਾਈਸੈਂਸ ਰੀਨਿਊ ਕਰਵਾਉਣ ਲਈ ਫਰਜ਼ੀ ਮੈਡੀਕਲ ਰਿਪੋਰਟ ਲਗਾਈ। ਇੰਨ੍ਹਾਂ ਦੋਵਾਂ ਮਾਮਲਿਆਂ ਵਿੱਚ ਏਸੀਪੀ ਲਾਇਸੰਸਿੰਗ ਬਰਾਂਚ ਨੇ ਪੜਤਾਲ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮੁਕਦਮੇ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਜਾਂਚ ਅਧਿਕਾਰੀ ਧਰਮਪਾਲ ਅਤੇ ਮਲਕੀਤ ਰਾਮ ਨੇ ਦੱਸਿਆ ਕਿ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਲਲਿਤ ਕੁਮਾਰ ਅਤੇ ਗੁਰ ਨਿਹਾਲ ਸਿੰਘ ਗਰਚਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜਮ ਅਜੇ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ।



