Punjab

ਅਰਸ਼ ਵਰਕਸ਼ਾਪ ਰਾਹੀਂ ਦਿੱਤਾ ਜਾਗਰੂਕਤਾ ਦਾ ਸੁਨੇਹਾ

ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਲੜਕੀਆਂ ਦੀ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਬਦਲਾਵ, ਸਮੱਸਿਆਂਵਾ ਸਬੰਧੀ ਬਲਾਕ ਪੱਧਰੀ ਅਰਸ਼ (ਐਡੋਲਸੈਂਟ ਰੀਪ੍ਰੋਡਕਟਿਵ ਸੈਕਸੂਅਲ ਹੈਲਥ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਕੂਲੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਸਲੀਨ ਕੌਰ ਅਤੇ ਡਾਕਟਰ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ਼ੋਰ ਅਵਸਥਾ ਵਿੱਚ 10 ਤੋਂ 19 ਸਾਲ ਦੇ ਲੜਕੇ ਲੜਕੀਆਂ ਆਉਂਦੇ ਹਨ, ਜੋ ਸਾਡੇ ਦੇਸ਼ ਦੀ ਕੁੱਲ ਅਬਾਦੀ ਦਾ ਕਰੀਬ 20 ਫੀਸਦੀ ਹਿੱਸਾ ਹਨ। ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੱਕ ਆਉਂਦੀਆਂ ਸਰੀਰ ਵਿੱਚ ਹਾਰਮੋਨਜ਼ ਦੀਆਂ ਤਬਦੀਲੀਆਂ ਹੋਣ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਬਣਤਰ ਵਿੱਚ ਵੀ ਬਦਲਾਓ ਆਉਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਬੀਐੱਸਕੇ ਟੀਮ ਫਿਰੋਜ਼ਸ਼ਾਹ ਦੇ ਇੰਚਾਰਜ਼ ਮੈਡੀਕਲ ਅਫਸਰ ਡਾ. ਕਮਲ ਨੇ ਕਿਹਾ ਕਿ ਇਹ ਜੀਵਨ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਤੋਂ ਘਬਰਾਉਣ ਦੀ ਕੋਈ ਗੱਲ ਨਹੀ ਹੁੰਦੀ। ਇਸ ਸਮੇਂ ਦੌਰਾਨ ਲੜਕੀਆਂ ਵਿੱਚ ਮਾਹਾਵਾਰੀ ਸ਼ੁੁਰੂ ਹੋਣ ਨਾਲ ਆਉਂਦੀਆਂ ਤਕਲੀਫਾਂ ਤੋਂ ਬਚਾਅ ਤੇ ਸਾਭ ਸੰਭਾਲ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਇੱਸ ਸਰੀਰਕ ਬਦਲਾਓ ਤੋਂ ਪਤਾ ਚੱਲਦਾ ਹੈ ਕਿ ਸਰੀਰ ਦਾ ਵਿਕਾਸ ਸਹੀ ਢੰਗ ਨਾਲ ਹੋ ਰਿਹਾ ਹੈ। ਇਸ ਉਮਰ ਦੌਰਾਨ ਮਾਪਿਆਂ ਅਤੇ ਅਧਿਆਪਕਾ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਅਤੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਇਕ ਦੋਸਤ ਦੀ ਤਰ੍ਹਾਂ ਸਮਝਣਾ ਅਤੇ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਮਾਪਿਆ ਅਤੇ ਅਧਿਆਪਕਾ ਨਾਲ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਬੇਝਿਜਕ ਹੋ ਕੇ ਸਾਂਝੀ ਕਰ ਸਕਣ। ਜੇਕਰ ਕੋਈ ਦਿੱਕਤ ਆਵੇ ਤਾਂ ਨਜ਼ਦੀਕੀ ਮਹਿਲਾ ਮੈਡੀਕਲ ਅਫਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਦੱਸਿਆ ਕਿ ਸਭ ਦੇ ਸਰੀਰ ਦੇ ਮਹਾਂਵਾਰੀ ਚੱਕਰ ਵੱਖਰੇ ਵੱਖਰੇ ਹੁੰਦੇ ਹਨ। ਮਹਾਂਵਾਰੀ ਚੱਕਰ ਦੌਰਾਨ ਸੈਨਟਰੀ ਨੈਪਕਿੰਨ ਦੇ ਲਾਭ ਦੱਸਦੇ ਹੋਏ ਕਿਹਾ ਕਿ ਹਰ ਪਿੰਡ ਵਿੱਚ ਆਸ਼ਾ ਵਰਕਰ ਕੋਲ ਸੈਨੇਟਰੀ ਨੈਪਕਿਨ ਉਪਲਬੱਧ ਹੁੰਦੇ ਹਨ ਜਾਂ ਫਿਰ ਬਜ਼ਾਰ ’ਚੋਂ ਵੀ ਮਿਲ ਜਾਂਦੇ ਹਨ। ਵਰਤੇ ਹੋਏ ਸੈਨੇਟਰੀ ਨੈਪਕਿਨ ਨੂੰ ਧੋਣਾ ਜਾਂ ਸੁਕਾਉਣਾ ਨਹੀ ਹੁੰਦਾਵਿਦਿਆਰਥਣਾਂ ਨੂੰ ਆਪਣੇ ਸਰੀਰ ਦੀ ਨਿੱਜੀ ਸਫਾਈ ਦੇ ਢੰਗ ਤਰੀਕੇ ਦੱਸਦਿਆਂ ਕਿਹਾ ਕਿ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਈ ਤਰ੍ਹਾਂ ਦੀ ਇੰਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ। ਇਹ ਇੰਨਫੈਕਸ਼ਨ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਕਈ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਵੱਲੋਂ ਸਿਹਤ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਡਾ. ਹਰਪ੍ਰੀਤ ਕੌਰ ਵੱਲੋਂ ਵਿਸਥਾਰ ਨਾਲ ਚਰਚਾ ਕੀਤੀ ਗਈ।ਇਸ ਬਲਾਕ ਪੱਧਰੀ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਹੱਥ ਧੋਣ ਦੀ ਵਿਧੀ ਬਾਰੇ ਸੀਐੱਚਸੀ ਫਿਰੋਜ਼ਸ਼ਾਹ ਦੇ ਬੀਈਈ ਹਰਦੀਪ ਸਿੰਘ ਸੰਧੂ, ਸੰਤੁਲਿਤ ਆਹਾਰ ਸਬੰਧੀ ਸੀਐੱਚਓ ਸਰਬਜੀਤ ਕੌਰ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਸਟਾਫ ਨਰਸ ਸਤਿੰਦਰ ਕੌਰ, ਸ਼ੈਰਿਨ ਮੈਰੀ, ਵਿਰਾਨਿਕਾ, ਕਸ਼ਮੀਰ ਸਿੰਘ ਮ.ਪ.ਹ.ਵ ,ਰਣਜੋਧ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button