Punjab

ਅਮੀਰ ਬਣਨ ਦੀ ਲਾਲਸਾ ’ਚ ਲੁਟਾਈ ਕਮਾਈ, ਜ਼ਹਿਰ ਨਿਗਲ ਕੇ ਦਿੱਤੀ ਜਾਨ

ਫਿਲੌਰ, 21 ਜੂਨ : ਸ਼ਹਿਰ ਦੇ ਇਕ ਵਿਅਕਤੀ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਸ ਦੀ ਜੀਵਨ ਭਰ ਦੀ ਕਮਾਈ ਲੁੱਟ ਲਈ ਗਈ। ਜਦੋਂ ਅਮੀਰ ਬਣਨ ਦੇ ਲਾਲਚ ’ਚ ਸਾਰੀ ਕਮਾਈ ਲੁਟਾ ਲਈ ਅਤੇ ਘਰ ਤੇ ਦੁਕਾਨ ਗਹਿਣੇ ਰੱਖ ਦਿੱਤੇ ਤਾਂ ਕੰਗਾਲੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਸ਼ਨਿੱਚਰਵਾਰ ਨੂੰ ਜ਼ਹਿਰੀਲੀ ਵਸਤੂ ਨਿਗਲ ਕੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਇੰਟਰਨੈੱਟ ਮੀਡੀਆ ’ਤੇ ਲਾਈਵ ਹੋ ਕੇ ਆਪਣੀ ਹੱਡਬੀਤੀ ਸੁਣਾਈ। ਮ੍ਰਿਤਕ ਦੀ ਪਛਾਣ ਪਿੰਡ ਗੜ੍ਹਾ ਵਾਸੀ ਕਸ਼ਮੀਰੀ ਲਾਲ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਵੀਡੀਓ ਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪਵਨ ਕੁਮਾਰ ਤੇ ਉਸਦੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੂਰਾ ਪਰਿਵਾਰ ਇੱਕ ਗਿਰੋਹ ਵਜੋਂ ਕੰਮ ਕਰ ਰਿਹਾ ਸੀ ਜੋ ਅਮੀਰ ਬਣਾਉਣ ਦੀ ਕੋਸ਼ਿਸ਼ ਵਿੱਚ ਦੂਜਿਆਂ ਨੂੰ ਆਪਣੇ ਜਾਲ ’ਚ ਫਸਾ ਕੇ ਲੱਖਾਂ ਰੁਪਏ ਠੱਗਦਾ ਰਿਹਾ ਹੈ। ਕਸ਼ਮੀਰੀ ਲਾਲ ਵੱਲੋਂ ਲਾਈਵ ਹੋ ਕੇ ਦੱਸੀ ਗੱਲਬਾਤ ਅਨੁਸਾਰ ਉਹ ਪਿੰਡ ਗੜ੍ਹਾ ’ਚ ਚਮੜੇ ਦੇ ਦਸਤਾਨੇ ਬਣਾਉਣ ਦਾ ਕੰਮ ਕਰਦਾ ਸੀ। 7 ਸਾਲ ਪਹਿਲਾਂ ਉਹ ਪਵਨ ਕੁਮਾਰ ਦੇ ਸੰਪਰਕ ’ਚ ਆਇਆ। ਕੁਝ ਸਮੇਂ ਬਾਅਦ ਕਸ਼ਮੀਰੀ ਦਾ ਪਵਨ ਨਾਲ ਪੂਰੀ ਤਰ੍ਹਾਂ ਸੰਪਰਕ ਟੁੱਟ ਗਿਆ। ਕਈ ਸਾਲਾਂ ਬਾਅਦ ਕਸ਼ਮੀਰੀ ਲਾਲ ਪਿੰਡ ਸੈਫਾਬਾਦ ’ਚ ਪਵਨ ਕੁਮਾਰ ਨੂੰ ਮੁੜ ਮਿਲਿਆ। ਪਵਨ ਕੁਮਾਰ ਨੇ ਕਸ਼ਮੀਰੀ ਲਾਲ ਨੂੰ ਆਪਣੇ ਘਰ ਆਉਣ ਲਈ ਕਿਹਾ। ਜਦੋਂ ਉਹ ਪਵਨ ਦੇ ਘਰ ਪਹੁੰਚਿਆ ਉਸ ਦੀ ਆਲੀਸ਼ਾਨ ਹਵੇਲੀ ਵੇਖ ਕੇ ਹੈਰਾਨ ਰਹਿ ਗਿਆ। ਕਸ਼ਮੀਰੀ ਲਾਲ ਨੇ ਪਵਨ ਕੁਮਾਰ ਤੋਂ ਉਸਦੀ ਅਚਾਨਕ ਅਮੀਰੀ ਦਾ ਰਾਜ਼ ਪੁੱਛਿਆ ਤਾਂ ਪਵਨ ਨੇ ਦੱਸਿਆ ਕਿ ਉਹ ਵੱਡੇ ਪੱਧਰ ਤੇ ਫਾਇਨਾਂਸ ਦਾ ਕੰਮ ਕਰ ਰਿਹਾ ਸੀ। ਲੋਕ ਉਸਨੂੰ ਪੈਸੇ ਦੇ ਰਹੇ ਸਨ ਅਤੇ ਉਹ ਥੋੜ੍ਹੇ ਸਮੇਂ ਵਿਚ ਦੁੱਗਣਾ ਕਰਕੇ ਵਾਪਸ ਦੇ ਦਿੰਦਾ ਹੈ। ਕਸ਼ਮੀਰੀ ਲਾਲ ਨੂੰ ਵੀ ਨਿਵੇਸ਼ ਕਰਨ ਲਈ ਕਿਹਾ। ਕਸ਼ਮੀਰੀ ਲਾਲ ਨੇ ਪਹਿਲਾਂ ਆਪਣੇ ਦੋ ਦੋਸਤਾਂ ਤੋਂ ਕਰਜ਼ਾ ਮੰਗਿਆ ਪਰ ਪਵਨ ਨੂੰ ਪੈਸੇ ਦੇਣ ਤੋਂ ਬਾਅਦ ਉਹ ਉਸ ਦੇ ਜਾਲ ਵਿਚ ਫਸ ਗਿਆ। ਪਵਨ ਨੇ ਜਲਦੀ ਅਮੀਰ ਬਣਨ ਲਈ ਘੱਟੋ ਘੱਟ 25 ਲੱਖ ਰੁਪਏ ਦੇਣ ਲਈ ਆਖਿਆ। ਪੈਸਿਆਂ ਦਾ ਪ੍ਰਬੰਧ ਕਰਨ ਬਾਰੇ ਪੁੱਛਣ ’ਤੇ ਪਵਨ ਨੇ ਉਸ ਘਰ ਦੀ ਰਜਿਸਟਰੀ ਲਿਆਉਣ ਲਈ ਕਿਹਾ। ਪਵਨ ਨੇ ਪਹਿਲਾਂ ਕਸ਼ਮੀਰੀ ਦੇ ਘਰ ’ਤੇ ਕਰਜ਼ਾ ਲਿਆ ਅਤੇ ਫਿਰ ਆਪਣੀ ਪਤਨੀ ਤੇ ਭੈਣ ਦੇ ਨਾਂ ’ਤੇ ਬੈਂਕ ਤੋਂ ਵੀ ਕਰਜ਼ਾ ਲਿਆ। ਇਸ ਤਰ੍ਹਾਂ ਕਸ਼ਮੀਰੀ ਲਾਲ ਕਰਜ਼ੇ ਵਿੱਚ ਡੁੱਬ ਗਿਆ ਸੀ। ਕਸ਼ਮੀਰੀ ਲਾਲ ਵੀਡੀਓ ’ਚ ਦੱਸਿਆ ਕਿ ਸਭ ਕੁਝ ਗਿਰਵੀ ਰੱਖਣ ਤੋਂ ਬਾਅਦ, ਜਦੋਂ ਉਹ 25 ਲੱਖ ਰੁਪਏ ਇਕੱਠੇ ਨਹੀਂ ਕਰ ਸਕਿਆ ਤਾਂ ਉਹ ਪਵਨ ਕੁਮਾਰ ਦੇ ਘਰ ਗਿਆ ਅਤੇ ਉਸਨੂੰ ਕਿਹਾ ਕਿ ਉਸਨੂੰ 22 ਲੱਖ 75 ਹਜ਼ਾਰ ਰੁਪਏ ’ਤੇ ਲਾਭ ਦੇਣਾ ਸ਼ੁਰੂ ਕਰ ਦੇਵੇ ਜੋ ਉਸਨੇ ਅਦਾ ਕੀਤੇ ਸਨ। ਇਸ ’ਤੇ ਪਵਨ ਤੇ ਉਸਦੇ ਮਾਤਾ-ਪਿਤਾ ਨੇ ਕਸ਼ਮੀਰੀ ਲਾਲ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਤੋਂ ਕੋਈ ਪੈਸਾ ਨਹੀਂ ਲਿਆ ਹੈ ਅਤੇ ਜੇਕਰ ਉਹ ਕਿਸੇ ਕੋਲ ਜਾਂਦਾ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਹ ਉਨ੍ਹਾਂ ਕੋਲ ਮੌਜੂਦ ਚੈੱਕ ਭਰ ਕੇ ਉਸ ਨੂੰ ਅਟੈਚ ਕਰ ਦੇਣਗੇ। ਉਸਨੂੰ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ ਨਹੀਂ ਤਾਂ ਉਸਨੂੰ 5 ਸਾਲ ਦੀ ਕੈਦ ਹੋ ਜਾਵੇਗੀ। ਹੁਣ ਉਹ ਇਕੱਲਾ ਜੇਲ੍ਹ ਨਹੀਂ ਜਾਵੇਗਾ, ਉਸਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਜਾਲ ਵਿਚ ਫਸ ਗਏ ਹਨ। ਸ਼ਨਿੱਚਰਵਾਰ ਨੂੰ ਕਸ਼ਮੀਰੀ ਲਾਲ ਆਪਣੇ ਘਰ ਆਇਆ ਅਤੇ ਦੁਪਹਿਰ 2.45 ਵਜੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸਨੇ ਇੱਕੋ ਸਮੇਂ ਕਈ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਗੋਲੀਆਂ ਖਾਣ ਤੋਂ ਬਾਅਦ, ਉਸਨੇ ਸਿਰਫ ਇਕ ਗੱਲ ਕਹੀ ਕਿ ਪਵਨ ਕੁਮਾਰ ਅਤੇ ਉਸਦੇ ਮਾਪੇ ਉਸਦੀ ਮੌਤ ਲਈ ਜ਼ਿੰਮੇਵਾਰ ਹਨ। ਉਸਦੀ ਸਿਹਤ ਵਿਗੜ ਗਈ ਤਾਂ ਪਰਿਵਾਰਕ ਮੈਂਬਰ ਉਸਨੂੰ ਡੀਐਮਸੀ ਲੁਧਿਆਣਾ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਦੋ ਬੱਚੇ ਹਨ, ਜਿਨ੍ਹਾਂ ’ਚ 15 ਸਾਲ ਦਾ ਲੜਕਾ ਅਤੇ ਵੱਡੀ ਲੜਕੀ ਹੈ। ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਕਸ਼ਮੀਰੀ ਲਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪਵਨ ਕੁਮਾਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਛਾਪੇਮਾਰੀ ਲਈ ਟੀਮ ਬਣਾ ਦਿੱਤੀ ਗਈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button