ਅਮਰੀਕਾ ਦੀ ਯਾਤਰਾ ਲਈ ਹੁਣ ਭਰਨਾ ਹੋਵੇਗਾ 15 ਹਜ਼ਾਰ ਡਾਲਰ ਤੱਕ ਦਾ ਬੌਂਡ, ਟਰੰਪ ਸਰਕਾਰ ਨੇ ਕਿਉਂ ਲਿਆ ਇਹ ਫੈਸਲਾ

ਨਿਊਯਾਰਕ, 6 ਅਗਸਤ : ਅਮਰੀਕਾ ਦੀ ਯਾਤਰਾ ਲਈ ਵਿਦੇਸ਼ੀਆ ਨੂੰ ਹੁਣ ਜ਼ਿਆਦਾ ਜੇਬ ਢਿੱਲੀ ਕਰਨ ਪਵੇਗੀ। ਟਰੰਪ ਪ੍ਰਸ਼ਾਸਨ ਇਕ ਅਜਿਹਾ ਪਾਇਲਟ ਪ੍ਰੋਗਰਾਮ ਲਾਗੂ ਕਰ ਰਿਹਾ ਹੈ, ਜਿਸਦੇ ਤਹਿਤ ਟੂਰਿਸਟ ਜਾਂ ਵਪਾਰਕ ਵੀਜ਼ਾ ’ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਲੋਕਾਂ ਨੂੰ 15 ਹਜ਼ਾਰ ਡਾਲਰ (ਕਰੀਬ ਇਕ ਲੱਖ 31 ਹਜ਼ਾਰ ਰੁਪਏ) ਤੱਕ ਬੌਂਡ ਭਰਨਾ ਹੋਵੇਗਾ। ਇਹ ਯਕੀਨੀ ਕਰਨ ਲਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ ਕਿ ਕੋਈ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ’ਚ ਨਾ ਰੁੱਕ ਸਕੇ। ਹਾਲਾਂਕਿ ਇਸ ਪ੍ਰੋਗਰਾਮ ਦੇ ਘੇਰੇ ’ਚ ਆਉਣ ਵਾਲੇ ਦੇਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸੇ ਮਹੀਨੇ ਸ਼ੁਰੂ ਹੋਣ ਵਾਲਾ ਇਹ ਪ੍ਰੋਜੈਕਟ ਪੰਜ ਅਗਸਤ 2026 ਤੱਕ ਪ੍ਰਭਾਵਸ਼ਾਲੀ ਰਹੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਅਸਥਾਈ ਅੰਤਿਮ ਨਿਯਮ ਜਾਰੀ ਕੀਤਾ ਹੈ, ਜਿਸਦੇ ਤਹਿਤ 12 ਮਹੀਨਿਆਂ ਦਾ ਵੀਜ਼ਾ ਬੌਂਡ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਵਿਭਾਗ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਕਾਰੋਬਾਰ ਜਾਂ ਟੂਰਿਸਟ ਲਈ ਅਮਰੀਕਾ ਆਉਣ ਵਾਲੇ ਬੀ-1 ਜਾਂ ਬੀ-2 ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਨੂੰ 15 ਹਜ਼ਾਰ ਡਾਲਰ ਤੱਕ ਦਾ ਬੌਂਡ ਭਰਨਾ ਪੈ ਸਕਦਾ ਹੈ। ਵਿਦੇਸ਼ ਵਿਭਾਗ ਅਨੁਸਾਰ, ਇਸ ਨਿਯਮ ਨੂੰ ਵੀਜ਼ਾ ਵੱਧ ਤੋਂ ਵੱਧ ਸਮੇਂ ਤੱਕ ਰੁਕਣ ਤੇ ਲੁੜੀਂਦੀ ਜਾਂਚ-ਪੜਤਾਲ ਨਾਲ ਪੈਦਾ ਹੋਏ ਰਾਸ਼ਟਰੀ ਸੁਰੱਖਿਆ ਦੇ ਖ਼ਤਰੇ ਤੋਂ ਅਮਰੀਕਾ ਦੀ ਰੱਖਿਆ ਲਈ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦਾ ਇਹ ਇਕ ਅਹਿਮ ਥੰਮ੍ਹ ਕਰਾਰ ਦਿੱਤਾ ਗਿਆ ਹੈ। ਵਿਭਾਗ ਨੇ ਇਕ ਜਨਤਕ ਸੂਚਨਾ ’ਚ ਦੱਸਿਆ, ‘ਵਪਾਰ ਜਾਂ ਘੁੰਮਣ-ਫਿਰਨ ਲਈ ਅਸਥਾਈ ਟੂਰਿਸਟ (ਬੀ-1 ਜਾਂ ਬੀ-2) ਦੇ ਤੌਰ ’ਤੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਤੇ ਵਿਭਾਗ ਵੱਲੋਂ ਚੁਣੇ ਅਜਿਹੇ ਵਿਦੇਸ਼ੀ ਨਾਗਰਿਕ ਜਿਨ੍ਹਾਂ ਦਾ ਵੀਜ਼ਾ ਮਿਆਦ ਤੋਂ ਵੱਧ ਦਿਨ ਰੁਕਣ ਦਾ ਇਤਿਹਾਸ ਰਿਹਾ ਹੈ ਜਾਂ ਨਿਵੇਸ਼ ਰਾਹੀਂ ਨਾਗਰਿਕਤਾ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਤੇ ਅਜਿਹੇ ਵਿਦੇਸ਼ੀ ਜਿਨ੍ਹਾਂ ਨੇ ਬਿਨਾਂ ਕਿਸੇ ਰਿਹਾਇਸ਼ੀ ਲੋੜ ਦੇ ਨਾਗਰਿਕਤਾ ਹਾਸਲ ਕੀਤੀ ਹੋਵੇ, ਉਹ ਇਸ ਪਾਇਲਟ ਪ੍ਰੋਜੈਕਟ ਦੇ ਘੇਰੇ ’ਚ ਆ ਸਕਦੇ ਹਨ।’ ਜਨਤਕ ਸੂਚਨਾ ’ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ’ਚ ਪਾਇਆ ਗਿਆ ਹੈ ਕਿ ਲੱਖਾਂ ਟੂਰਿਸਟ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ’ਚ ਰੁਕੇ ਰਹਿੰਦੇ ਹਨ।



