
ਜ਼ੀਰਾ, 21 ਫਰਵਰੀ ਜ਼ੀਰਾ ਦੇ ਪਿੰਡ ਸ਼ਾਹ ਅਬੂ ਬੱਕਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੇਫੋਰਨੀਆ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਦੁਖਦਾਇਕ ਖਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰਪਾਲ ਸਿੰਘ (33) ਪੁੱਤਰ ਮਹਿੰਦਰ ਸਿੰਘ ਪਿੰਡ ਸ਼ਾਹ ਅਬੂ ਬੱਕਰ ਦਾ ਰਹਿਣ ਵਾਲਾ ਸੀ, ਪਰਿਵਾਰ ਢਾਈ ਕਿੱਲੇ ਦੇ ਕਰੀਬ ਜਮੀਨ ਤੇ ਵਾਹੀ ਕਰਕੇ ਗੁਜਾਰਾ ਕਰਦਾ ਸੀ। ਐੱਮਏ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਵੀ ਜਦ ਗੁਰਵਿੰਦਰਪਾਲ ਸਿੰਘ ਨੂੰ ਨੌਕਰੀ ਨਾ ਮਿਲੀ ਤਾਂ ਪਰਿਵਾਰ ਨੇ ਆਰਥਿਕ ਤੰਗੀ ਨੂੰ ਦੂਰ ਕਰਨ ਲਈ 50 ਲੱਖ ਰੁਪਏ ਦੇ ਕਰੀਬ ਪੈਸਾ ਲਗਾ ਕੇ ਗੁਰਵਿੰਦਰਪਾਲ ਸਿੰਘ ਨੂੰ ਤਿੰਨ ਸਾਲ ਪਹਿਲਾਂ ਅਮਰੀਕਾ ਭੇਜ ਦਿੱਤਾ। ਗੁਰਵਿੰਦਰਪਾਲ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਲਾਇਸੰਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ਕਿ ਮਿਤੀ 21 ਫਰਵਰੀ ਨੂੰ ਕੈਲੇਫੋਰਨੀਆ ਵਿਖੇ ਮੌਸਮ ਖਰਾਬ ਹੋਣ ਕਾਰਨ ਘੋੜਾ ਟਰਾਲਾ ਹਾਦਸਾਗ੍ਰਸਤ ਹੋ ਗਿਆ ,ਇਸ ਦੌਰਾਨ ਗੁਰਵਿੰਦਰਪਾਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ । ਪਰਿਵਾਰ ਮੈਂਬਰਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਆਰਥਿਕ ਤੌਰ ਤੇ ਕਮਜੋਰ ਹੋਣ ਕਾਰਨ ਉਹ ਗੁਰਵਿੰਦਰਪਾਲ ਦੀ ਲਾਸ਼ ਪੰਜਾਬ ਲਿਆਉਣ ਵਿਚ ਅਸਮਰਥ ਹਨ , ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀ ਆਖਰੀ ਰਸਮਾਂ ਕਰ ਸਕਣ।



