ਅਮਰਨਾਥ ਯਾਤਰਾ ’ਚ ਇਸ ਵਾਰ ਮੁਹੱਈਆ ਨਹੀਂ ਹੋਵੇਗੀ ਹੈਲੀਕਾਪਟਰ ਸੇਵਾ, ਪਹਿਲੀ ਜੁਲਾਈ ਤੋਂ 10 ਅਗਸਤ ਤਕ ਐਲਾਨਿਆ ਨੋ ਫਲਾਇੰਗ ਜ਼ੋਨ

ਸ਼੍ਰੀਨਗਰ, 18 ਜੂਨ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਆਮ ਹੁੰਦੇ ਹਾਲਾਤ ਦਰਮਿਆਨ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਅਭੇਦ ਬਣਾਉਣ ਲਈ ਹਰ ਪਹਿਲੂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਮੰਗਲਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਨੇ ਪੂਰੇ ਯਾਤਰਾ ਮਾਰਗ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਹੈ। ਯਾਤਰਾ ਮਾਰਗ ’ਤੇ ਪਹਿਲੀ ਜੁਲਾਈ ਤੋਂ 10 ਅਗਸਤ ਤੱਕ ਕੋਈ ਵੀ ਵਿਅਕਤੀ ਡ੍ਰੋਨ ਨਹੀਂ ਉਡਾ ਸਕੇਗਾ। ਹਾਲਾਂਕਿ ਸਿਰਫ਼ ਸੁਰੱਖਿਆ ਏਜੰਸੀਆਂ ਨੂੰ ਹੀ ਯਾਤਰਾ ਮਾਰਗ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡ੍ਰੋਨ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਇਸ ਫ਼ੈਸਲੇ ਕਾਰਨ ਇਸ ਵਾਰ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਮੁਹੱਈਆ ਨਹੀਂ ਹੋਵੇਗੀ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਇਕ ਨੋਟਿਸ ਰਾਹੀਂ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ। ਸ਼੍ਰਾਈਨ ਬੋਰਡ ਵੱਲੋਂ ਜਾਰੀ ਨੋਟਿਸ ਮੁਤਾਬਕ, ਯਾਤਰਾ ਦੌਰਾਨ ਪਹਿਲਗਾਮ ਤੇ ਬਾਲਟਾਲ ਰੂਟ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਇਸ ਲਈ ਯਾਤਰਾ ਮਾਰਗ ’ਤੇ ਸ਼ਰਧਾਲੂਆਂ ਨੂੰ ਇਸ ਵਾਰ ਹੈਲੀਕਾਪਟਰ ਸੇਵਾ ਮੁਹੱਈਆ ਨਹੀਂ ਹੋਵੇਗੀ। ਜਿਹੜੇ ਸ਼ਰਧਾਲੂ ਹੈਲੀਕਾਪਟਰ ਰਾਹੀਂ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੈਦਲ, ਘੋੜੇ ਜਾਂ ਪਾਲਕੀ ਰਾਹੀਂ ਯਾਤਰਾ ਕਰ ਸਕਦੇ ਹਨ। ਇਸ ਵਾਰ 38 ਦਿਨਾਂ ਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ ਰੱਖੜੀ ਵਾਲੇ ਦਿਨ 9 ਅਗਸਤ ਨੂੰ ਖ਼ਤਮ ਹੋਵੇਗੀ। ਪਹਿਲਗਾਮ ਤੇ ਬਾਲਟਾਲ ਰੂਟ ਤੋਂ ਹਰ ਸਾਲ ਹੈਲੀਕਾਪਟਰ ਸੇਵਾ ਉਪਲਬਧ ਰਹਿੰਦੀ ਸੀ ਪਰ ਇਸ ਵਾਰ ਇਹ ਸੇਵਾ ਉਪਲਬਧ ਨਹੀਂ ਹੋਵੇਗੀ।ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਮਾਰਗ, ਸਾਰੇ ਯਾਤਰੀ ਕੈਂਪ ਤੇ ਉਨ੍ਹਾਂ ਦੇ ਆਸ-ਪਾਸ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਬਣਾਇਆ ਗਿਆ ਹੈ। ਜੰਮੂ-ਕਸ਼ਮੀਰ ਗ੍ਰਹਿ ਵਿਭਾਗ ਨੇ ਇਸ ਵਿਸ਼ੇ ’ਤੇ ਇਕ ਅਧਿਕਾਰਤ ਹੁਕਮ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਤੇ ਬਾਲਟਾਲ ਰੂਟ ’ਚ ਯੂਏਵੀ, ਡ੍ਰੋਨ, ਗੁਬਾਰਿਆਂ ਆਦਿ ਸਮੇਤ ਕਿਸੇ ਵੀ ਕਿਸਮ ਦੇ ਹਵਾਈ ਪਲੇਟਫਾਰਮਾਂ ਤੇ ਉਪਕਰਨਾਂ ਦੀ ਉਡਾਣ ’ਤੇ ਪਹਿਲੀ ਜੁਲਾਈ ਤੋਂ 10 ਅਗਸਤ, 2025 ਤੱਕ ਪਾਬੰਦੀ ਹੈ। ਇਹ ਪਾਬੰਦੀਆਂ ਚਿਕਿਤਸਾ ਨਿਕਾਸੀ, ਆਫਤ ਮੈਨੇਜਮੈਂਟ ਤੇ ਸੁਰੱਖਿਆ ਬਲਾਂ ਵੱਲੋਂ ਨਿਗਰਾਨੀ ਦੇ ਮਾਮਲਿਆਂ ’ਚ ਲਾਗੂ ਨਹੀਂ ਹੋਣਗੀਆਂ। ਅਜਿਹੇ ਅਪਵਾਦਾਂ ਲਈ ਇਕ ਵਿਸ਼ਤ੍ਰਿਤ ਐੱਸਓਪੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੰਮੂ ਵਿਚ ਯਾਤਰੀ ਰਿਹਾਇਸ਼ ਭਗਵਤੀ ਨਗਰ ਸਮੇਤ ਹੋਰ ਆਧਾਰ ਕੈਂਪ ਵੀ ਨੋ ਫਲਾਇੰਗ ਜ਼ੋਨ ਐਲਾਨੇ ਜਾ ਸਕਦੇ ਹਨ।



