
ਲੁਧਿਆਣਾ, 28 ਅਗਸਤ : ਪੁਲਿਸ ਨੇ ਤਿੰਨ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ 21 ਅਗਸਤ ਨੂੰ ਅਭਿਮੰਨਿਊ ਨਾਂ ਦੇ ਨੌਜਵਾਨ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਦੀ ਲਾਸ਼ ਲਈਅਰ ਵੈਲੀ ਲਾਗੇ ਸੁੱਟ ਦਿੱਤੀ ਸੀ। ਮੁਲਜ਼ਮਾਂ ਨੇ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਅਭਿਮੰਨਿਊ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਤਿਕ ਕੁਮਾਰ, ਕਰਨ ਅਤੇ ਰੋਹਿਤ ਕੁਮਾਰ ਵਜੋਂ ਹੋਈ ਹੈ। ਪੁਲਿਸ ਮੁਲਜ਼ਮਾਂ ਦੇ ਚੌਥੇ ਸਾਥੀ ਰਾਜੂ ਦੀ ਤਲਾਸ਼ ਕਰਨ ਵਿਚ ਜੁਟੀ ਹੋਈ ਹੈ।
ਇੰਜ ਵਾਪਰੀ ਸੀ ਸਾਰੀ ਘਟਨਾ
22 ਅਗਸਤ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਭਿਮੰਨਿਊ ਦੇ ਮਾਮੇ ਨੇ ਦੱਸਿਆ ਕਿ ਨੌਜਵਾਨ 21 ਅਗਸਤ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਇਸੇ ਦੌਰਾਨ ਪੁਲਿਸ ਨੂੰ ਕੰਟਰੋਲ ਰੂਮ ਤੇ ਜਾਣਕਾਰੀ ਮਿਲੀ ਕਿ ਇਕ ਲਾਸ਼ ਲਈਅਰ ਵੈਲੀ ਦੇ ਲਾਗੇ ਪਈ ਹੋਈ ਹੈ। ਜਾਣਕਾਰੀ ਤੋਂ ਬਾਅਦ ਇੰਸਪੈਕਟਰ ਬਿਕਰਮਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਪੜਤਾਲ ਸ਼ੁਰੂ ਕੀਤੀ। ਨੌਜਵਾਨ ਦੇ ਸਿਰ ਉੱਪਰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਮੁਢਲੀ ਜਾਂਚ ਦੇ ਦੌਰਾਨ ਸਾਹਮਣੇ ਆ ਰਿਹਾ ਸੀ ਕਿ ਲੜਕੇ ਨੂੰ ਕਿਸੇ ਵਿਅਕਤੀ ਨੇ ਬੇਰਹਿਮੀ ਨਾਲ ਕਤਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਮਾਮਾ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ। ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਾਜੂ, ਰਿਤਿਕ, ਰੋਹਿਤ ਅਤੇ ਕਰਨ ਹਨ। ਪੁਲਿਸ ਨੇ ਮਾਮਲੇ ਦੀਆਂ ਕੜੀਆਂ ਜੋੜੀਆਂ ਤੇ ਪੜਤਾਲ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ ਰਾਜੂ ਦੀ ਤਲਾਸ਼ ਵਿਚ ਛਾਪਾਮਾਰੀ ਕੀਤੀ ਜਾ ਰਹੀ ਹੈ।
ਲੜਕੀ ਖਾਤਰ ਕੀਤਾ ਸੀ ਕਤਲ
ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਅਭਿਮੰਨਿਊ ਤੇ ਰਿਤਿਕ ਦੋਵੇਂ ਇੱਕੋ ਲੜਕੀ ਨੂੰ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਦੁਸ਼ਮਣੀ ਚੱਲ ਰਹੀ ਸੀ। ਇਹੀ ਕਾਰਨ ਸੀ ਕਿ ਰਿਤਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਭਿਮੰਨਿਊ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।



