ਅਫੀਮ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ! ਰਾਜਾ ਵੜਿੰਗ ਦੇ ਬਿਆਨ ਨੇ ਛੇੜੀ ਨਵੀਂ ਚਰਚਾ, ਦੱਸਿਆ- ਪੰਜਾਬ ਚੋਂ ਕਿੰਝ ਖ਼ਤਮ ਹੋ ਸਕਦੈ ਚਿੱਟਾ?

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 17 ਅਪ੍ਰੈਲ 2025- ਅਫ਼ੀਮ ਦੇ ਨਾਲ ਕਦੇ ਬੰਦਾ ਮਰਦਾ ਨਹੀਂ…! ਸਗੋਂ ਚਿੱਟੇ ਦਾ ਟੀਕਾ ਲਾਉਂਦੇ ਸਾਰ ਹੀ ਬੰਦਾ ਫੁੜਕ ਜਾਂਦਾ। ਲੋੜ ਤਾਂ ਇਹ ਹੈ ਕਿ ਸੂਬੇ ਵਿੱਚ ਚਿੱਟੇ ਨੂੰ ਖ਼ਤਮ ਕਰਨ ਵਾਸਤੇ ਅਫ਼ੀਮ ਪੋਸਟ (ਖਸਖਸ) ਦੀ ਖੇਤੀ ਕੀਤੀ ਜਾਵੇ। ਇਹ ਬਿਆਨ ਕਿਸੇ ਹੋਰ ਨੇ ਨਹੀਂ, ਬਲਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇੱਕ ਟੀਵੀ ਚੈਨਲ ਨਾਲ ਕੀਤੀ ਗਈ ਇੰਟਰਵਿਊ ਦੇ ਦੌਰਾਨ ਦਿੱਤਾ ਗਿਆ ਹੈ। ਵੜਿੰਗ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਅਫ਼ੀਮ ਦੀ ਵਰਤੋਂ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ, ਜਦਕਿ ਵੜਿੰਗ ਨੇ ਚਿੱਟੇ (ਹਰੋਇਨ) ਨੂੰ ਖਤਮ ਕਰਨ ਲਈ ਅਫ਼ੀਮ ਅਤੇ ਭੁੱਕੀ ‘ਤੇ ਚਰਚਾ ਦੀ ਵਕਾਲਤ ਕੀਤੀ। ਇਸ ਨਾਲ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇੰਟਰਵਿਊ ਦੇ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਸਿਰਫ਼ ਪਾਬੰਦੀਆਂ ਕਾਫੀ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਚਿੱਟੇ ਦਾ ਬਦਲ ਦੇਣਾ ਹੋਵੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਫ਼ੀਮ ਅਤੇ ਭੁੱਕੀ ‘ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ, ਜਿਸ ਨਾਲ ਚਿੱਟੇ ਦੀ ਆਦਤ ਨੂੰ ਘਟਾਇਆ ਜਾ ਸਕੇ। ਵੜਿੰਗ ਨੇ ਕਿਹਾ, “ਜਦੋਂ ਤੱਕ ਨਸ਼ੇ ਦੀ ਮੰਗ ਹੈ, ਉਸ ਨੂੰ ਖਤਮ ਕਰਨਾ ਮੁਸ਼ਕਿਲ ਹੈ।” ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਅਫ਼ੀਮ ਦੀ ਵਰਤੋਂ ਨਾਲ ਮੌਤ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫ਼ੀਮ ਦੇ ਨਾਲ ਕਦੇ ਬੰਦਾ ਮਰਦਾ ਨਹੀਂ, ਜਦੋਂਕਿ ਚਿੱਟੇ ਦਾ ਇੱਕ ਤਿਨਕਾ ਬੰਦੇ ਨੂੰ ਮਾਰ ਦਿੰਦਾ। ਵੜਿੰਗ ਨੇ ਇਹ ਵੀ ਕਿਹਾ ਕਿ ਜੇ ਕਾਂਗਰਸ ਸਰਕਾਰ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਅਫ਼ੀਮ ਅਤੇ ਭੁੱਕੀ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਵਾਏਗੀ ਅਤੇ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਲਾਜ਼ਮੀ ਹਨ। ਪਰ ਇਸ ਨਾਲ ਸਮਾਜਿਕ ਅਤੇ ਕਾਨੂੰਨੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਵੀ ਜਾਰੀ ਰਹੇਗਾ। ਹਾਲਾਂਕਿ ਵੜਿੰਗ ਦੇ ਬਿਆਨ ਨੂੰ ਆਪ ਆਗੂਆਂ ਨੇ ਨਸ਼ੇ ਨੂੰ ਬੜਾਵਾ ਦੇਣ ਵਾਲਾ ਬਿਆਨ ਕਰਾਰ ਦਿੱਤਾ ਹੈ, ਜਦਕਿ ਕਾਂਗਰਸੀ ਇਸ ਨੂੰ ਨਵੀਂ ਯੋਜਨਾ ਦਾ ਹਿੱਸਾ ਦੱਸ ਰਹੇ ਹਨ।
ਵੜਿੰਗ ਦਾ ਬਿਆਨ ਨਸ਼ੇ ਨੂੰ ਬੜਾਵਾਂ ਦੇਣ ਵਾਲਾ- ਨੀਲ ਗਰਗ
ਉੱਥੇ ਹੀ ਦੂਜੇ ਪਾਸੇ ਆਪ ਦੇ ਬੁਲਾਰੇ ਨੀਲ ਗਰਗ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਗ਼ਲਤ ਕਰਾਰ ਦਿੰਦਿਆਂ ਹੋਇਆ ਕਿਹਾ ਹੈ ਕਿ, ਵੜਿੰਗ ਦਾ ਬਿਆਨ ਸੂਬੇ ਦੇ ਅੰਦਰ ਨਸ਼ੇ ਨੂੰ ਬੜਾਵਾਂ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਨਸ਼ੇ ਨੂੰ ਖ਼ਾਤਮਾ ਕਰਨ ਦੇ ਵਿੱਚ ਲੱਗੀ ਹੋਈ ਹੈ।



