ਅਨਮੋਲ ਗਗਨ ਮਾਨ ਨੇ 24 ਘੰਟੇ ਦੇ ਅੰਦਰ ਵਾਪਸ ਲਿਆ ਅਸਤੀਫ਼ਾ, ਪਾਰਟੀ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ ਲਿਆ ਫੈਸਲਾ

ਮੋਹਾਲੀ, 20 ਜੁਲਾਈ : ਪੰਜਾਬ ਦੇ ਸਭ ਤੋਂ ਵੱਡੇ ਵਿਧਾਨ ਸਭਾ ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ (Anmol Gagan Maan) ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਇਹ ਫੈਸਲਾ ਉਨ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ (Aman Arora) ਨਾਲ ਹੋਈ ਬੈਠਕ ‘ਚ ਲਿਆ। ਇਸ ਦੀ ਜਾਣਕਾਰੀ ਅਮਨ ਅਰੋੜਾ ਨੇ ਖ਼ੁਦ ਇੰਟਰਨੈਟ ਮੀਡੀਆ ਰਾਹੀਂ ਦਿੱਤੀ। ਅਮਨ ਅਰੋੜਾ ਨੇ ਲਿਖਿਆ ਹੈ ਕਿ ਅਨਮੋਲ ਗਗਨ ਮਾਨ ਨਾਲ ਬੈਠਕ ਹੋਈ ਤੇ ਪਾਰਟੀ ਨੇ ਉਨ੍ਹਾਂ ਦੇ ਵਿਧਾਇਕ ਅਹੁਦੇ ਤੋਂ ਅਸਤੀਫੇ ਨੂੰ ਨਾਮਨਜ਼ੂਰ ਕਰਨ ਦਾ ਫੈਸਲਾ ਕੀਤਾ ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਤੇ ਖੇਤਰ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਅਚਾਨਕ ਇੰਟਰਨੈਟ ਮੀਡੀਆ ਰਾਹੀਂ ਜਾਣਕਾਰੀ ਦੇ ਕੇ ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਸੰਨਿਆਸ ਲੈਂਦਿਆਂ ਆਪਣੇ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ‘ਤੇ ਇਲਾਕੇ ‘ਚ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਰਣਜੀਤ ਸਿੰਘ ਗਿਲ ਸਬੰਧੀ ਕਿਆਸਅਰੀਆਂ ਨੂੰ ਵੀ ਵਿਰਾਮ
ਖਰੜ ਵਿਧਾਨ ਸਭਾ ਖੇਤਰ ਵਿਚ ਇਹ ਕਿਆਸਅਰੀਆਂ ਲਾਈਆਂ ਜਾ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਦਿੱਗਜ ਆਗੂ ਰਣਜੀਤ ਸਿੰਘ ਗਿਲ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਉਹ ਖਰੜ ਵਿਧਾਨ ਸਭਾ ਖੇਤਰ ਤੋਂ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਸ਼ੁੱਕਰਵਾਰ ਨੂੰ ਰਣਜੀਤ ਸਿੰਘ ਗਿਲ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਦੂਜੇ ਪਾਸੇ, ਸ਼ਨਿਚਰਵਾਰ ਨੂੰ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਪਰ ਅਨਮੋਲ ਗਗਨ ਮਾਨ ਦੇ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਹੁਣ ਕੁਝ ਹੱਦ ਤਕ ਇਨ੍ਹਾਂ ਕਿਆਸਅਰੀਆਂ ‘ਤੇ ਵੀ ਰੋਕ ਲੱਗ ਗਈ ਹੈ।



