Punjab

ਅਣਪਛਾਤਿਆਂ ਵਲੋਂ ਪਿਉ-ਪੁੱਤ ’ਤੇ ਹਮਲਾ, ਦੋਵੇਂ ਜ਼ਖ਼ਮੀ

ਬਟਾਲਾ, 18 ਫਰਵਰੀ- ਅਣਪਛਾਤਿਆਂ ਵਲੋਂ ਪਿਉ-ਪੁੱਤ ’ਤੇ ਹਮਲਾ ਕਰਦਿਆਂ ਦੋਵਾਂ ਨੂੰ ਜ਼ਖ਼ਮੀ ਕਰਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਅਸ਼ੋਕ ਕੁਮਾਰ ਪੁੱਤਰ ਹਜ਼ਾਰੀ ਲਾਲ ਵਾਸੀ ਛੱਤੀ ਗਲੀ, ਡੋਲਾ ਨੰਗਲ ਬਟਾਲਾ ਨੇ ਲਿਖਵਾਇਆ ਹੈ ਕਿ ਉਸਦੀ ਸਬਜ਼ੀ ਮੰਡੀ ਟੀ-ਪੁਆਇੰਟ ’ਤੇ ਹਜ਼ਾਰੀ ਪਾਨਾਂ ਵਾਲਾ ਦੇ ਨਾਮ ’ਤੇ ਦੁਕਾਨ ਹੈ ਅਤੇ ਬੀਤੀ 12 ਫਰਵਰੀ ਨੂੰ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਉਹ ਤੇ ਉਸਦਾ ਲੜਕਾ ਨਿਖਿਲ ਮਹਿਰਾ ਮੌਜੂਦ ਸੀ ਕਿ ਤਿੰਨ ਨੌਜਵਾਨਾਂ ਨੇ ਉਸ ਕੋਲੋਂ ਪਾਨ ਮੰਗਿਆ ਅਤੇ ਜਦੋਂ ਉਸ ਨੇ ਪਾਨ ਦੇ ਪੈਸੇ ਮੰਗੇ ਤਾਂ ਨੌਜਵਾਨਾਂ ਪੈਸੇ ਦੇਣ ਤੋਂ ਇਨਕਾਰੀ ਕਰਦਿਆਂ ਉਸ ਨਾਲ ਬਹਿਸਣ ਲੱਗ ਪਏ ਅਤੇ ਜਾਂਦੇ ਹੋਏ ਖਮਿਆਜ਼ਾ ਭੁਗਤਣ ਦੀਆਂ ਧਮਕੀਆਂ ਦਿੱਤੀਆਂ। ਉਕਤ ਬਿਆਨਕਰਤਾ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਇਸਦੇ ਬਾਅਦ 15 ਫਰਵਰੀ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਲੜਕੇ ਨਿਖਿਲ ਮਹਿਰਾ ਨਾਲ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਜਦੋਂ ਪੁਰਾਣੀ ਸਬਜ਼ੀ ਮੰਡੀ ਅੰਦਰ ਪਹੁੰਚੇ ਤਾਂ ਤਿੰਨ ਅਣਪਛਾਤਿਆਂ ਨੇ ਉਸਨੂੰ ਤੇ ਉਸਦੇ ਲੜਕੇ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਅਸ਼ੋਕ ਕੁਮਾਰ ਨੇ ਸ਼ੱਕ ਜ਼ਾਹਿਰ ਕੀਤਾ ਕਿ ਜਿਨ੍ਹਾਂ ਨੌਜਵਾਨਾਂ ਨੇ ਉਸ ਨਾਲ 12 ਫਰਵਰੀ ਨੂੰ ਦੁਕਾਨ ’ਤੇ ਝਗੜਾ ਕੀਤਾ ਸੀ, ਉਨ੍ਹਾਂ ਨੇ ਹੀ ਉਸ ਨੂੰ ਤੇ ਉਸਦੇ ਲੜਕੇ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਉਕਤ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਤਿੰਨ ਅਣਪਛਾਤਿਆਂ ਖਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button